ਯੈੱਸ ਪੰਜਾਬ
13 ਨਵੰਬਰ, 2024
ਭਾਸ਼ਾ ਵਿਭਾਗ ਪੰਜਾਬ, ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਬਤੌਰ ਖੋਜ ਅਫ਼ਸਰ ਸੇਵਾ ਨਿਭਾਅ ਰਹੇ ਡਾ. ਜਸਵੰਤ ਰਾਏ ਦੀ ਪੁਸਤਕ ‘ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ-1′ ਦਾ ਗ਼ਦਰੀ ਬਾਬਿਆਂ ਦੇ ਮੇਲੇ ‘ਤੇ ਲੋਕ ਅਰਪਣ ਕੀਤਾ ਗਿਆ।ਇਸ ਸਮੇਂ ਸਾਹਿਤਕ ਮੈਗਜ਼ੀਨ ਅਦਾਰਾ ਤਾਸਮਨ ਦੇ ਸੰਪਾਦਕ ਸਤਪਾਲ ਭੀਖੀ ਨੇ ਕਿਹਾ ਕਿ ਡਾ. ਜਸਵੰਤ ਰਾਏ ਹਾਸ਼ੀਆਗਤ ਲੋਕਾਂ ਅਤੇ ਲੋਕ ਲਹਿਰਾਂ ਦੇ ਸੰਘਰਸ਼, ਸਾਹਿਤ ਅਤੇ ਇਤਿਹਾਸ ਨੂੰ ਇਕੱਠਾ ਕਰਨ ਦੇ ਨਾਲ ਨਾਲ ਕਿਤਾਬੀ ਰੂਪ ਵਿੱਚ ਪੇਸ਼ ਕਰਕੇ ਇੱਕ ਆਹਲਾ ਕੰਮ ਕਰ ਰਹੇ ਹਨ।
ਉਨ੍ਹਾਂ ਵੱਲੋਂ ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਲੀ-1 ਉੱਤੇ ਕੀਤਾ ਕਾਰਜ ਵੀ ਇਸੇ ਲੜੀ ਦੀ ਅਗਲੇਰੀ ਕੜੀ ਹੈ।ਇਸ ਤੋਂ ਪਹਿਲਾਂ ਡਾ. ਰਾਏ ਦਾ ਆਦਿ ਧਰਮ ਲਹਿਰ, ਗ਼ਦਰ ਲਹਿਰ, ਜਾਤ-ਪਾਤ ਤੋੜਕ ਮੰਡਲ ਅਤੇ ਈ.ਵੀ. ਰਾਮ ਸਾਮੀ ਪੇਰੀਆਰ ’ਤੇ ਵੀ ਗੌਲ਼ਣਯੋਗ ਕੰਮ ਹੈ।ਚਿੰਤਕ ਅਤੇ ਕਵੀ ਮਦਨ ਵੀਰਾ ਨੇ ਕਿਹਾ ਕਿ ਫੂਲੇ ਦੇ ਜਾਣ ਤੋਂ ਅੱਸੀ ਸਾਲ ਬਾਅਦ ਉਨ੍ਹਾਂ ਦੀਆਂ ਲਿਖਤਾਂ ਮਰਾਠੀ ਭਾਸ਼ਾ ਤੋਂ ਹਿੰਦੀ ਭਾਸ਼ਾ ਵਿੱਚ ਅਨੁਵਾਦ ਵਿੱਚ ਹੋਈਆਂ ਸਨ ਅਤੇ ਹੁਣ ਲਗ-ਭਗ ਤਿੰਨ ਦਹਾਕੇ ਬਾਅਦ ਉਨ੍ਹਾਂ ਦੀਆਂ ਮੌਲਿਕ ਲਿਖਤਾਂ ਦਾ ਡਾ. ਜਸਵੰਤ ਰਾਏ ਵਲੋਂ ਹਿੰਦੀ ਭਾਸ਼ਾ ਤੋਂ ਪੰਜਾਬੀ ਜ਼ੁਬਾਨ ਵਿੱਚ ਤਰਜ਼ਮਾ ਕਰਕੇ ਪ੍ਰਕਾਸ਼ਿਤ ਕਰਨਾ ਪੰਜਾਬੀ ਪਾਠਕਾਂ ਲਈ ਇੱਕ ਸ਼ੁਭ ਸ਼ਗਨ ਹੈ।
ਇਸ ਕਾਰਜ ਰਾਹੀਂ ਫੂਲੇ ਦੇ ਲੋਕਾਈ ਖ਼ਾਸ ਕਰਕੇ ਔਰਤਾਂ ਲਈ ਕੀਤੇ ਕੰਮਾਂ ਦਾ ਪਾਸਾਰ ਹੋਰ ਵਸੀਹ ਹੋਵੇਗਾ।ਵੱਢ ਅਕਾਰੀ ਇਸ ਪੁਸਤਕ ਵਿੱਚ ਗ਼ੁਲਾਮਗਿਰੀ ਤੋਂ ਇਲਾਵਾ ਫੂਲੇ ਦੁਆਰਾ ਲਿਖਿਆ ਨਾਟਕ ‘ਤੀਸਰਾ ਰਤਨ’, ਸ਼ਿਵਾਜੀ ਮਰਾਠਾ ਦੇ ਬਾਰੇ ਲਿਖਿਆ ਕਾਵਿਰੂਪ, ਸੱਤਿਆਸ਼ੋਧਕ ਸਮਾਜ ਸੰਗਠਨ ਆਦਿ ਬਾਰੇ ਵਿਸਤਰਿਤ ਜਾਣਕਾਰੀ ਪਾਠਕਾਂ ਲਈ ਮੁਲਵਾਨ ਹੋਵੇਗੀ।
ਪੰਜਾਬੀ ਸਾਹਿਤ ਵਿੱਚ ਮਹਾਤਮਾ ਜੋਤੀਬਾ ਰਾਓ ਫੂਲੇ ਰਚਨਾਵਾਂ ਦੀ ਭਰਵੀਂ ਹਾਜ਼ਰੀ ਇਸਦੀ ਧਰੋਹਰ ਨੂੰ ਹੋਰ ਅਮੀਰੀ ਬਖ਼ਸ਼ੇਗੀ।ਇਸ ਸਮੇਂ ਡਾ. ਸੰਤੋਖ ਸਿੰਘ ਸੁਖੀ ਪਟਿਆਲਾ, ਸਤਵਿੰਦਰ ਮਦਾਰਾ ਚਿੰਤਕ ਅਤੇ ਸਮਾਜਿਕ ਕਾਰਕੁੰਨ, ਰਾਮ ਲੁਭਾਇਆ, ਬਬੀਤਾ ਰਾਣੀ, ਵਿਪਨ ਜਲਾਲਾਵਾਦੀ ਅਤੇ ਲੈਕਚਰਾਰ ਸੀਤਲ ਜੋਗਾ ਹਾਜ਼ਰ ਸਨ।