ਯੈੱਸ ਪੰਜਾਬ
ਜਲੰਧਰ, 22 ਅਗਸਤ, 2024
ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਵਿੱਚ ਲੰਮੇ ਅਰਸੇ ਤੋਂ ਲੋਕ ਸੇਵਾ, ਜਾਗਰਤੀ ਅਤੇ ਅਮੀਰ ਲੋਕ ਵਿਰਸੇ ਦੀ ਲੋਅ ਜਗਦੀ ਰੱਖਣ ਲਈ ਇੰਗਲੈਂਡ ਅਤੇ ਸਾਡੇ ਮੁਲਕ ਦੀਆਂ ਤਰਕਸ਼ੀਲ, ਜਮਹੂਰੀ ਇਨਕਲਾਬੀ ਲਹਿਰਾਂ ਦੇ ਸੰਗੀ-ਸਾਥੀ ਰਤਨਪਾਲ ਮਹਿਮੀ ਬੈੱਡਫੋਰਡ (ਯੂ.ਕੇ.) ਦਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨ ਕੀਤਾ ਗਿਆ।
ਸਨਮਾਨ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਅਤੇ ਰਣਜੀਤ ਸਿੰਘ ਔਲਖ ਨੇ ਪਰਿਵਾਰ ਨੂੰ ਗ਼ਦਰੀ ਵਿਰਸੇ ਨਾਲ ਜੁੜਕੇ ਚੇਤਨਾ ਦਾ ਚਾਨਣ ਵੰਡਣ ਲਈ ਮੁਬਾਰਕਵਾਦ ਦਿੱਤੀ।
ਰਤਨ ਪਾਲ ਮਹਿੰਮੀ ਦੇ ਹੋਰਨਾਂ ਸ਼ਹਿਰਾਂ ਵਿੱਚ ਕੰਮ ਕਰਦੇ ਕਾਮਿਆਂ ਨਾਲ ਮਿਲਕੇ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ’ਚ ਸ਼ਾਮਲ ਹੋਣ ਅਤੇ ਆਰਥਕ ਸਹਾਇਤਾ ਕਰਨ ਦਾ ਸਦਾ ਯੋਗਦਾਨ ਪਾਉਣ ਲਈ ਹਾਰਦਿਕ ਧੰਨਵਾਦ ਕੀਤਾ। ਅੱਜ ਰਤਨ ਪਾਲ ਮਹਿਮੀ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਅਤੇ ਮਿਊਜ਼ੀਅਮ ਨੂੰ ਦੇਖਕੇ ਮਾਣ ਮਹਿਸੂਸ ਕੀਤਾ। ਉਹਨਾਂ ਨੇ ਗ਼ਦਰੀ ਬਾਬਿਆਂ ਦੇ ਮੇਲੇ ਲਈ ਸਹਾਇਤਾ ਵੀ ਕੀਤੀ।