ਦਲਜੀਤ ਕੌਰ
ਚੰਡੀਗੜ੍ਹ, 7 ਦਸੰਬਰ 2024
ਭਖਦੇ ਕਿਸਾਨੀ ਮਸਲਿਆਂ ਲਈ ਮਹੀਨਿਆਂ ਬੱਧੀ ਪੱਕੇ ਮੋਰਚੇ ਨੂੰ ਕੇਂਦਰੀ ਭਾਜਪਾ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਕਾਰਨ ਅੱਜ Delhi ਵੱਲ ਪੈਦਲ ਜਾ ਰਹੇ ਕਿਸਾਨਾਂ ਨੂੰ Haryana Police ਵੱਲੋਂ ਅੱਥਰੂ ਗੈਸ ਦੇ ਗੋਲੇ ਮਾਰ ਕੇ ਜ਼ਖ਼ਮੀ ਕਰਨ ਰਾਹੀਂ ਸ਼ਾਂਤਮਈ ਸੰਘਰਸ਼ ਦਾ ਹੱਕ ਖੋਹੇ ਜਾਣ ਦੀ BKU (ਏਕਤਾ-ਉਗਰਾਹਾਂ) ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ।
ਇਸ ਸੰਬੰਧੀ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਭਾਜਪਾ ਸਰਕਾਰ ਦੀ ਇਸ ਜਾਬਰ ਕਾਰਵਾਈ ਨੂੰ ਕਿਸਾਨਾਂ ਨਾਲ਼ ਦੁਸ਼ਮਣਾਨਾ ਵਿਹਾਰ ਕਿਹਾ ਹੈ।
ਸੱਤਾਧਾਰੀਆਂ ਦੀਆਂ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਜਾਨਲੇਵਾ ਕਰਜ਼ਿਆਂ ਥੱਲੇ ਦੱਬੇ ਹਜ਼ਾਰਾਂ ਦੀ ਤਾਦਾਦ ਵਿੱਚ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਚੁੱਕੇ ਅਤੇ ਲਗਾਤਾਰ ਹੋ ਰਹੇ ਕਿਸਾਨਾਂ ਦੀ ਐੱਮ ਐੱਸ ਪੀ ‘ਤੇ ਫਸਲਾਂ ਦੀ ਖ੍ਰੀਦ ਦੀ ਕਾਨੂੰਨੀ ਗਰੰਟੀ ਵਰਗੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਸ਼ਾਂਤਮਈ ਸੰਘਰਸ਼ ਦਾ ਸੰਵਿਧਾਨਕ ਹੱਕ ਖੋਹਣਾ ਇਸੇ ਦੁਸ਼ਮਣੀ ਦਾ ਸਬੂਤ ਬਣਦਾ ਹੈ।
ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਤੇ ਹੱਕੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਪੁਲਿਸ ਜਬਰ ਬੰਦ ਕੀਤਾ ਜਾਵੇ। ਸ਼ਾਂਤਮਈ ਸੰਘਰਸ਼ ਦਾ ਸੰਵਿਧਾਨਕ ਹੱਕ ਬਹਾਲ ਕੀਤਾ ਜਾਵੇ।