ਯੈੱਸ ਪੰਜਾਬ
ਜਲੰਧਰ, 12 ਮਈ, 2025
CPI (M) ਦੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ , ਕਾਮਰੇਡ ਗੁਰਚੇਤਨ ਸਿੰਘ ਬਾਸੀ ( ਸਪੁੱਤਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ) ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ ) ਦੇ ਉੱਘੇ ਮੈਂਬਰ Comrade Prem Singh Mandhali ਦੇ ਕਿਸੇ ਅਣਪਛਾਤੇ ਮੁਜ਼ਰਮ ਵੱਲੋਂ ਕੀਤੇ ਗਏ ਵਹਿਸ਼ੀਆਨਾ ਕਤਲ ਦੀ ਘੋਰ ਨਿਖੇਧੀ ਕੀਤੀ ਗਈ ਹੈ।
ਕਾਮਰੇਡ ਤੱਗੜ ਵੱਲੋਂ ਜਾਰੀ ਕੀਤੇ ਗਏ ਲਿਖਤੀ ਪ੍ਰੈਸ ਨੋਟ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਾਮਰੇਡ ਪ੍ਰੇਮ ਸਿੰਘ ਮੰਢਾਲੀ ਉਸ ਉੱਘੇ ਮੰਢਾਲੀ ਪਰਿਵਾਰ ਵਿੱਚੋਂ ਸਨ ਜਿਹੜਾ ਲਗਾਤਾਰ ਪਿਛਲੇ ਅੱਠ ਦਹਾਕਿਆਂ ਤੋਂ ਅਤੇ ਚਾਰ ਪੀੜ੍ਹੀਆਂ ਤੋਂ ਕਮਿਊਨਿਸਟ ਲਹਿਰ ਨਾਲ ਜੁੜਿਆ ਹੋਇਆ ਹੈ ਅਤੇ ਹਰ ਕੁਰਬਾਨੀ ਕਰਨ ਲਈ ਤਿਆਰ ਰਿਹਾ ਹੈ। ਕਾਮਰੇਡ ਪ੍ਰੇਮ ਸਿੰਘ ਦੇ ਪਿਤਾ ਕਾਮਰੇਡ ਹਰੀ ਸਿੰਘ ਮੰਢਾਲੀ 1930ਵਿਆਂ ਤੋਂ ਪਾਰਟੀ ਵਿੱਚ ਸ਼ਾਮਿਲ ਸਨ ਅਤੇ ਉਨ੍ਹਾਂ ਨੇ 1939 ਵਿੱਚ ਲਾਹੌਰ ਦੇ ਕਿਸਾਨ ਮੋਰਚੇ ਵਿੱਚ ਜਥੇ ਸਮੇਤ ਗ੍ਰਿਫਤਾਰੀ ਦਿੱਤੀ ਸੀ|
ਕਾਮਰੇਡ ਤੱਗੜ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਕਿ ਕਾਮਰੇਡ ਪ੍ਰੇਮ ਸਿੰਘ ਐਸਐਫਆਈ ਅਤੇ ਡੀਵਾਈਐਫਆਈ ਦੇ ਪੁਰਾਣੇ ਆਗੂ ਕਾਮਰੇਡ ਮੱਖਣ ਸਿੰਘ ਸੰਧੂ ਦੇ ਨੇੜਲੇ ਰਿਸ਼ਤੇਦਾਰ ਹਨ।
ਕਾਮਰੇਡ ਸੰਧੂ ਦੀ ਜੀਵਨ ਸਾਥੀ ਬੀਬੀ ਹਰਦੀਪ ਕੌਰ, ਕਾਮਰੇਡ ਪ੍ਰੇਮ ਸਿੰਘ ਦੀ ਸਕੀ ਭੈਣ ਜੀ ਹਨ। ਇੱਥੇ ਇਹ ਤੱਥ ਵੀ ਵਰਨਣਯੋਗ ਹੈ ਕਿ ਇਹ ਪਿੰਡ ਮੰਢਾਲੀ ਬੱਬਰ ਅਕਾਲੀ ਲਹਿਰ ਦੇ ਮਹਾਨ ਸ਼ਹੀਦ ਭਾਈ ਗੁਰਦਿੱਤ ਸਿੰਘ ਦਲੇਰ , ਪੁਰਾਣੇ ਕਮਿਊਨਿਸਟ ਆਗੂਆਂ ਕਾਮਰੇਡ ਹਰਬੰਸ ਸਿੰਘ ਮੰਢਾਲੀ, ਕਾਮਰੇਡ ਗੁਰਮੇਜ ਸਿੰਘ ਮੰਢਾਲੀ ਅਤੇ ਉਹਨਾਂ ਦੇ ਵੱਡੇ ਭਰਾਤਾ ਸ਼ਹੀਦ ਹਜੂਰਾ ਸਿੰਘ ਮੰਢਾਲੀ ਦਾ ਪਿੰਡ ਹੋਣ ਕਰਕੇ ਵੀ ਜਾਣਿਆ ਜਾਂਦਾ ਹੈ।
ਕਾਮਰੇਡ ਗੁਰਮੇਜ ਸਿੰਘ ਮੰਢਾਲੀ ਲਗਾਤਾਰ 25 ਸਾਲ ਪਿੰਡ ਦੇ ਸਰਪੰਚ ਰਹੇ ਅਤੇ ਕਾਮਰੇਡ ਪ੍ਰੇਮ ਸਿੰਘ ਉਹਨਾਂ ਨਾਲ ਅਤੇ ਬਾਅਦ ਵਿੱਚ ਵੀ ਮੈਂਬਰ ਪੰਚਾਇਤ ਰਹੇ। ਤਿੰਨਾਂ ਆਗੂਆਂ ਨੇ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਕਤਲ ਨੂੰ ਇੱਕ ਆਮ ਕਤਲ ਵਜੋਂ ਨਾ ਲਿਆ ਜਾਵੇ, ਸਗੋਂ ਇੱਕ ਦੇਸ਼ ਭਗਤ ਪਰਿਵਾਰ ਦੇ ਮੈਂਬਰ ਹੋਣ ਕਰਕੇ ਇਸ ਦੀ ਜਾਂਚ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ( ਸਿੱਟ ) ਤੋਂ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਤੁਰੰਤ ਨਿਆਂ ਦੇ ਕੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ।
ਅੰਤ ਵਿੱਚ ਕਾਮਰੇਡ ਤੱਗੜ , ਕਾਮਰੇਡ ਗੁਰਚੇਤਨ ਅਤੇ ਬੀਬੀ ਗੁਰਪਰਮਜੀਤ ਕੌਰ ਨੇ ਕਾਮਰੇਡ ਪ੍ਰੇਮ ਸਿੰਘ ਦੀ ਧਰਮਪਤਨੀ ਬੀਬੀ ਹਰਜੀਤ ਕੌਰ , ਭੈਣ ਬੀਬੀ ਹਰਦੀਪ ਕੌਰ , ਕਾਮਰੇਡ ਮੱਖਣ ਸਿੰਘ ਸੰਧੂ ਅਤੇ ਸਮੁੱਚੇ ਮੰਢਾਲੀ ਪਰਿਵਾਰ ਨਾਲ ਦੁੱਖ , ਅਫਸੋਸ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।