Thursday, October 10, 2024
spot_img
spot_img

ਚਲ ਰਹੀਆਂ ਪੰਚਾਇਤ ਚੋਣਾਂ ਫੌਰੀ ਰੱਦ ਕੀਤੀਆਂ ਜਾਣ: ਸੁਖਬੀਰ ਸਿੰਘ ਬਾਦਲ

ਯੈੱਸ ਪੰਜਾਬ
ਗਿੱਦੜਬਾਹਾ, 10 ਅਕਤੁਬਰ, 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਸੂਬੇ ਵਿਚ ਚਲ ਰਹੀਆਂ ਪੰਚਾਇਤ ਚੋਣਾਂ ਫੌਰੀ ਰੱਦ ਕੀਤੀਆਂ ਜਾਣ ਕਿਉਂਕਿ ਇਹਨਾਂ ਵਿਚ ਵਿਆਪਕ ਬੇਨਿਯਮੀਆਂ ਹੋਈਆਂ ਹਨ ਅਤੇ ਵਿਰੋਧੀ ਧਿਰ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਹਨਾਂ ਨੇ ਜ਼ਮੀਨੀ ਪੱਧਰ ’ਤੇ ਲੋਕਤੰਤਰ ਦੀ ਬਹਾਲੀ ਲਈ ਚੋਣਾਂ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕੀਤੀ।

ਇਥੇ ਐਸ ਡੀ ਐਮ ਦਫਤਰ ਮੂਹਰੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਚਾਇਤ ਚੋਣਾਂ ਵਿਚ ਜਿਹਨਾਂ ਦੇ ਨਾਮਜ਼ਦਗੀ ਪੱਤਰ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਆਨੇ ਬਹਾਨੇ ਰੱਦ ਕੀਤੇ ਗੲ ਹਨ, ਉਹਨਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀ ਲੀਗਲ ਟੀਮ ਨਾਲ ਸੰਪਰਕ ਕਰਨ ਜਾਂ ਆਪਣੀਆਂ ਸ਼ਿਕਾਇਤਾਂ ਪਾਰਟੀ ਦਫਤਰਾਂ ਵਿਚ ਸੌਂਪਣ ਤੋਂ ਜੋ ਨਿਆਂ ਹਾਸਲ ਕਰਨ ਵਾਸਤੇ ਹਾਈ ਕੋਰਟ ਕੋਲ ਪਹੁੰਚ ਕੀਤੀ ਜਾ ਸਕੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਜ਼ਮੀਨੀ ਪੱਧਰ ’ਤੇ ਲੋਕਤੰਤਰ ਦੀ ਬਹਾਲੀ ਵਾਸਤੇ ਵਚਨਬੱਧ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਯਕੀਨੀ ਬਣਾਵੇਗਾ ਕਿ ਆਪ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ-ਨਾਲ ਜਿਹੜੇ ਅਫਸਰਾਂ ਨੇ ਲੋਕਤੰਤਰ ਦਾ ਕਤਲ ਕੀਤਾ, ਉਹਨਾਂ ਨੂੰ ਉਹਨਾਂ ਦੇ ਕੰਮਾਂ ਲਈ ਜਵਾਬਦੇਹ ਠਹਿਰਾਇਆ ਜਾਵੇ। ਉਹਨਾਂ ਕਿਹਾ ਕਿ ਅਸੀਂ ਅਜਿਹੇ ਅਨਸਰਾਂ ਖਿਲਾਫ ਕੇਸ ਦਰਜ ਕਰਵਾਉਣ ਲਈ ਕੰਮ ਕਰਾਂਗੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ 270 ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਵੱਲੋਂ ਇਹਨਾਂ ਪਿੰਡਾਂ ਵਿਚ ਚੋਣਾਂ ਰੋਕਣ ਦੇ ਫੈਸਲੇ ਦਾ ਸਵਾਗਤ ਕੀਤਾ। ਉਹਨਾਂ ਨੇ ਆਪ ਸਰਕਾਰ ਦਾ ਮਖੌਲ ਉਡਾਇਆ ਜਿਸਨੇ ਦਾਅਵਾ ਕੀਤਾ ਹੈ ਕਿ 3800 ਸਰਪੰਚ ਤੇ 49000 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਦੇ ਆਗੂਆਂ ਨੇ ਧੱਕੇ ਨਾਲ ਇਹ ਸਰਬਸੰਮਤੀ ਥੋਪੀ ਹੈ ਤੇ ਇਸੇ ਲਈ ਅਸੀਂ ਚੋਣਾਂ ਨਵੇਂ ਸਿਰੇ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਾਂ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਆਪਣੇ 40 ਸਾਲਾਂ ਦੇ ਸਿਆਸੀ ਸਫਰ ਦੌਰਾਨ ਵਿਰੋਧੀ ਧਿਰ ਖਿਲਾਫ ਅਜਿਹੀ ਧੱਕੇਸ਼ਾਹੀ ਕਦੇ ਨਹੀਂ ਵੇਖੀ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਦਸਤਾਵੇਜ਼ਾਂ ਦੀ ਪੜਤਾਲ ਦੇ ਬਾਅਦ ਸੂਚੀਆਂ ਨਵੇਂ ਸਿਰੇ ਤੋਂ ਸੋਧ ਕੇ ਤਿਆਰ ਕੀਤੀਆਂ ਗਈਆਂ ਤਾਂ ਜੋ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਆਪ ਦੇ ਮੰਤਰੀਆਂ ਤੇ ਵਿਧਾਇਕਾਂ ’ਤੇ ਨਾਮਜ਼ਦਗੀ ਪੱਤਰ ਸੌਂਪਣ ਅਤੇ ਜ਼ਬਰੀ ਸਰਬਸੰਮਤੀ ਕਰਵਾਉਣ ਲਈ ਪੈਸੇ ਲੈਣ ਦੇ ਦੋਸ਼ ਲਗਾਏ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਨੂੰ ਇਹ ਧੱਕੇਸ਼ਾਹੀ ਗਿੱਦੜਬਾਹਾ ਜ਼ਿਮਨੀ ਚੋਣ ਵਿਚ ਮਹਿੰਗੀ ਪਵੇਗੀ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਮੈਂ ਇਸ ਹਲਕੇ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਕਾਇਮ ਰੱਖਾਂਗਾ।

ਉਹਨਾਂ ਕਿਹਾ ਕਿ ਤੁਸੀਂ ਕ੍ਰਿਪਾ ਕਰ ਕੇ ਅੱਜ ਤੋਂ ਹੀ ਮੈਨੂੰ ਆਪਣਾ ਸਰਪੰਚ ਤੇ ਵਿਧਾਇਕ ਸਮਝੋ। ਉਹਨਾਂ ਦੱਸਿਆ ਕਿ ਸਰਦਾਰ ਬਾਦਲ ਨੇ ਆਪਣੇ ਅਖੀਰਲੇ ਦਿਨ ਮੈਨੂੰ ਹਦਾਇਤ ਕੀਤੀ ਸੀ ਕਿ ਮੈਂ ਇਸ ਹਲਕੇ ਦਾ ਖਿਆਲ ਰੱਖਾਂ ਅਤੇ ਮੈਂ ਇਯ ਹਲਕੇ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨਦਾ ਹਾਂ। ਉਹਨਾਂ ਕਿਹਾ ਕਿ ਜੇਕਰ ਤੁਸੀਂ ਮੁਸ਼ਕਿਲ ਦੇ ਵਿਚ ਹੋ ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਮੁਸ਼ਕਿਲ ਵਿਚ ਹਾਂ ਅਤੇ ਮੈਂ ਤੁਹਾਡੀਆਂ ਸ਼ਿਕਾਇਤਾਂ ਦੇ ਹੱਲ ਲਈ ਕੰਮ ਕਰਾਂਗਾ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਨੇ ਹਲਕੇ ਦੇ ਵਿਕਾਸ ਕੀਤਾ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਤੁਹਾਨੂੰ ਟਿਊਬਵੈਲ ਕੁਨੈਕਸ਼ਨ ਦਿੱਤੇ, ਤੁਹਾਡੇ ਖੇਤਾਂ ਦੀ ਸਿੰਜਾਈ ਲਈ ਲਿਫਟ ਪੰਪ ਲਗਾਏ, ਇਥੋਂ ਸੇਮ ਦੀ ਮੁਸ਼ਕਿਲ ਖਤਮ ਕੀਤੀ ਅਤੇ ਇਸ ਹਲਕੇ ਵਿਚ ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਅਤੇ ਮੰਡੀਆਂ ਤੇ ਫੋਕਲ ਪੁਆਇੰਟ ਬਣਾਏ। ਉਹਨਾਂ ਕਿਹਾ ਕਿ ਅੱਜ ਸਾਰੇ ਬੁਨਿਆਦੀ ਢਾਂਚੇ ਦਾ ਬੁਰਾ ਹਾਲ ਹੈ ਕਿਉਂਕਿ ਕਾਂਗਰਸ ਤੇ ਆਪ ਸਰਕਾਰਾਂ ਨੇ ਗਿੱਦੜਬਾਹਾ ਨੂੰ ਅਣਡਿੱਠ ਕੀਤਾ।

ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਲੋਕ ਹੁਣ ਮੁੱਖ ਮੰਤਰੀ ਤੋਂ ਕੋਈ ਆਸ ਨਹੀਂ ਰੱਖ ਸਕਦੇ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੀ ਸਾਰੀ ਤਾਕਤ ਖੋਹ ਲਈ ਹੈ ਤੇ ਆਪਣੇ ਨਿੱਜੀ ਸਹਾਇਕ ਨੂੰ ਕੈਬਨਿਟ ਰੈਂਕ ਦੇ ਕੇ ਚੰਡੀਗੜ੍ਹ ਵਿਚ ਮੁੱਖ ਮੰਤਰੀ ਦੇ ਦਫਤਰ ਵਿਚ ਬਿਠਾ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਗੈਂਗਸਟਰ ਤੇ ਨਸ਼ਾ ਮਾਫੀਆ ਤੋਂ ਦੁਖੀ ਸਨ ਤੇ ਹੁਣ ਇਹਨਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ।

ਇਸ ਮੌਕੇ ਸੀਨੀਅਰ ਆਗੁ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਹਰਪ੍ਰੀਤ ਸਿੰਘ ਕੋਟਭਾਈ, ਤੇਜਿੰਦਰ ਸਿੰਘ ਮਿੱਡੂਖੇੜਾ, ਰਾਜਵਿੰਦਰ ਸਿੰਘ ਧਰਮਕੋਟ? ਪ੍ਰੀਤ ਇੰਦਰ ਸਿੰਘ ਸੰਮੇਵਾਲੀ, ਰਘਬੀਰ ਸਿੰਘ ਪ੍ਰਧਾਨ ਤੇ ਗੁਰਪਾਲ ਸਿੰਘ ਗੋਰਾ ਵੀ ਹਾਜ਼ਰ ਸਨ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ