ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 3 ਜਨਵਰੀ, 2025
Pomona, California ਵਿਖੇ ਸਿੱਖਾਂ ਦੇ ਦਸਵੇਂ ਗੁਰੂ Sri Guru Gobind Singh ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦਰਬਾਰ ਏ-ਖਾਲਸਾ ਵਿਖੇ ਹਜਾਰਾਂ ਸੰਗਤਾਂ ਨਤਮਸਤਕ ਹੋਈਆਂ ਤੇ ਸੰਗਤਾਂ ਨੇ ਕੀਰਤਨ ਦਾ ਆਨੰਦ ਮਾਣਿਆ। ਇੰਟਰਨੈਸ਼ਨਲ ਇੰਸਟੀਚਿਊਟ ਗੁਰਮਤਿ ਸਟੱਡੀਜ਼ ਦੁਆਰਾ ਅਯੋਜਿਤ ਸਮਾਗਮ ਦੀ ਸ਼ੁਰੂਆਤ ਆਸਾ ਕੀ ਵਾਰ ਨਾਲ ਹੋਈ। ਉਪਰੰਤ ਵੱਖ ਵੱਖ ਜਥਿਆਂ ਨੇ ਕੀਰਤਨ ਤੇ ਧਾਰਮਿਕ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਰਾਗੀ ਜਥਿਆਂ ਤੋਂ ਇਲਾਵਾ ਕੈਲੀਫੋਰਨੀਆ ਦੇ ਵੱਖ ਵੱਖ ਗੁਰੂ ਘਰਾਂ ਤੋਂ 150 ਤੋਂ ਵਧ ਬੱਚਿਆਂ ਨੇ ਕੀਰਤਨ ਦਰਬਾਰ ਵਿਚ ਸ਼ਿਰਕਤ ਕੀਤੀ। ਵੱਖ ਵੱਖ 5 ਜਥਿਆਂ ਵੱਲੋਂ ਇਕੱਠਿਆਂ ਕੀਤੇ ਕੀਰਤਨ ਨੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਦੇਸ਼ ਤੇ ਕੌਮ ਲਈ ਕੀਤੀ ਕੁਰਬਾਨੀ ਬਾਰੇ ਚਾਣਨਾ ਪਾਇਆ।
ਸਮਾਗਮ ਦੀ ਸਮਾਪਤੀ ਅਰਦਾਸ ਨਾਲ ਹੋਈ। ਉਪਰੰਤ ਸੰਗਤਾਂ ਨੇ ਛੋਲੇ ਭਟੂਰਿਆਂ ਸਮੇਤ ਵੱਖ ਵੱਖ ਤਰਾਂ ਦੇ ਲੰਗਰਾਂ ਦਾ ਆਨੰਦ ਮਾਣਿਆ। ਬਾਅਦ ਵਿਚ ਸਜਾਏ ਗਏ ਨਗਰ ਕੀਰਤਨ ਵਿਚ ਸੰਗਤਾਂ ਸ਼ਾਮਿਲ ਹੋਈਆਂ ਜਿਸ ਵਿਚ ਸ਼ਾਮਿਲ ਨੌਜਵਾਨਾਂ ਨੇ ਗਤਕੇ ਦੇ ਜੌਹਰ ਵਿਖਾਏ। ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨੇ ਦੇਗ ਤੇਗ ਫਤਿਹ ਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾ ਕੇ ਚਾਰ ਚੁਫੇਰਾ ਗੂੰਜਣ ਲਾ ਦਿੱਤਾ।
ਸੇਵਾਦਾਰ ਹਰਵਿੰਦਰ ਕੌਰ ਤੇ ਹੋਰ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਮਾਗਮ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨੁੱਖਤਾ ਪ੍ਰਤੀ ਯੋਗਦਾਨ ਨੂੰ ਯਾਦ ਕਰਨ ਦਾ ਅਵਸਰ ਪ੍ਰਦਾਨ ਕਰਦਾ ਹੈ ਉਥੇ ਸਿੱਖ ਭਾਈਚਾਰੇ ਨੂੰ ਇਕੱਠੇ ਹੋਣ ਦਾ ਅਵਸਰ ਦਿੰਦਾ ਹੈ। ਉਨਾਂ ਕਿਹਾ ਕਿ ਸਾਲਾਨਾ ਸਮਾਗਮ ਸੇਵਾਦਾਰਾਂ ਦੀ ਸਮੁੱਚੀ ਟੀਮ ਦੁਆਰਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਕੀਤੀ ਸੇਵਾ ਦੇ ਸਿੱਟੇ ਵਜੋਂ ਸਫਲ ਹੋ ਨਿਬੜਿਆ ਹੈ। ਇਸ ਮੌਕੇ ਖਾਲਸਾ ਬਾਜ਼ਾਰ ਵੀ ਲਾਇਆ ਗਿਆ ਜਿਸ ਵਿਚ ਸੰਗਤਾਂ ਨੇ ਪੰਜਾਬੀ ਵਸਤਰਾਂ, ਗਹਿਣਿਆਂ ਦੇ ਨਾਲ ਨਾਲ ਧਾਰਮਿੱਕ ਪੁਸਤਕਾਂ ਦੀ ਖਰੀਦਦਾਰੀ ਵੀ ਕੀਤੀ।