ਦਲਜੀਤ ਕੌਰ
ਚੰਡੀਗੜ੍ਹ, 22 ਜਨਵਰੀ, 2025
Bathinda ਜ਼ਿਲ੍ਹੇ ਦੇ ਜਿਉਂਦ ਪਿੰਡ ਦੇ 1907-08 ਤੋਂ ਕਾਨੂੰਨੀ ਕਾਸ਼ਤਕਾਰ ਸੌ ਤੋਂ ਵੱਧ ਮੁਜਾਰੇ ਕਿਸਾਨਾਂ ਦੀ ਕਰੀਬ 600 ਏਕੜ ਜ਼ਮੀਨ ਉੱਤੇ ਅਦਾਲਤੀ ਫੈਸਲੇ ਦੀ ਆੜ ਵਿੱਚ ਪੁਲਸੀ ਧੱਕੇਸ਼ਾਹੀ ਨਾਲ ਕਬਜਾ ਕਰਨ ਵਿਰੁੱਧ Bharatiya Kisan Union (ਏਕਤਾ-ਉਗਰਾਹਾਂ) ਵੱਲੋਂ 20 ਜਨਵਰੀ ਤੋਂ ਪਿੰਡ ਵਿੱਚ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਹੋਇਆ ਹੈ।
ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਪ੍ਰਧਾਨ Joginder Singh Ugrahan ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਸ ਮੋਰਚੇ ਨੂੰ ਖਦੇੜਨ ਲਈ ਲਾਠੀਚਾਰਜ ਦੇ ਬਾਵਜੂਦ ਨਾਕਾਮ ਹੋਈ ਪੁਲਸ ਵੱਲੋਂ ਕਿਸਾਨਾਂ ਵਿਰੁੱਧ ਝੂਠਾ ਕੇਸ ਦਰਜ ਕਰਨ ਦੀ ਜਥੇਬੰਦੀ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਨ ਸਰਕਾਰ ਦੇ ਹੁਕਮਾਂ ਤਹਿਤ ਕਿਸਾਨਾਂ ਉੱਤੇ ਲਾਠੀਚਾਰਜ ਕਰਨ ਵਾਲ਼ੀ ਪੁਲਸ ਦੁਆਰਾ ਉਲਟਾ ਕਿਸਾਨਾਂ ਵੱਲੋਂ ਹਮਲਾ ਕਰ ਕੇ ਡੀ ਐਸ ਪੀ ਦੀ ਬਾਂਹ ਤੋੜਨ ਦਾ ਲਾਇਆ ਦੋਸ਼ ਸਰਾਸਰ ਝੂਠਾ ਹੈ।
ਅਸਲੀਅਤ ਇਹ ਹੈ ਕਿ ਕਬਜ਼ਾ-ਨਿਸ਼ਾਨਦੇਹੀ ਰੋਕਣ ਲਈ 20 ਜਨਵਰੀ ਨੂੰ ਬਦਿਆਲਾ ਰੋਡ ‘ਤੇ ਉਸ ਸਮੇਂ ਮੌਜੂਦ ਸਿਰਫ 12 ਸ਼ਾਂਤਮਈ ਕਿਸਾਨਾਂ ਨੂੰ 300 ਪੁਲਸ ਕਰਮੀਆਂ ਦੁਆਰਾ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟਿਆ ਗਿਆ ਸੀ। ਪ੍ਰੰਤੂ ਇਸ ਜਾਬਰ ਪੁਲਸੀ ਹੱਲੇ ਨੂੰ ਪੁਲਸ ਨਾਲ ਕਿਸਾਨਾਂ ਦਾ ਟਕਰਾਅ ਬਣਾ ਕੇ ਝੂਠਾ ਕੇਸ ਦਰਜ ਕਰ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਮਾਲ ਸਕੱਤਰੇਤ ਪਟਿਆਲਾ ਦੇ ਸਰਕਾਰੀ ਨੋਟੀਫਿਕੇਸ਼ਨ ਨੰਬਰ 30 ਮਿਤੀ 18-5-2005 ਅਨੁਸਾਰ ਸਰਕਾਰ ਨੂੰ ਜ਼ਮੀਨੀ ਮਾਲੀਏ ਤੋਂ ਇਲਾਵਾ ਜਗੀਰਦਾਰਾਂ ਨੂੰ ਕੋਈ ਨਕਦ ਠੇਕਾ ਜਾਂ ਫਸਲੀ ਹਿੱਸਾ ਨਾ ਦੇਣ ਵਾਲੇ ਕਾਬਜ਼ ਮੁਜਾਰੇ ਕਿਸਾਨ ਹੀ ਸਾਰੀ ਜ਼ਮੀਨ ਦੇ ਮਾਲਕ ਹੋਣਗੇ।
ਪ੍ਰੰਤੂ ਜਗੀਰਦਾਰਾਂ ਵੱਲੋਂ ਕੀਤੇ ਗਏ ਅਦਾਲਤੀ ਕੇਸ ਦੌਰਾਨ ਸਰਕਾਰੀ ਅਧਿਕਾਰੀਆਂ ਵੱਲੋਂ ਇਹ ਤੱਥ ਛੁਪਾ ਕੇ ਰੱਖਿਆ ਗਿਆ। 2018 ਅਤੇ 2021 ਵਿੱਚ ਤਤਕਾਲੀ/ਸਾਬਕਾ ਸਰਪੰਚਾਂ ਸਮੇਤ ਪੀੜਤ ਮੁਜ਼ਾਰਿਆਂ ਵੱਲੋਂ ਪੰਜਾਬ ਸਰਕਾਰ ਨੂੰ ਕੀਤੀਆਂ ਗਈਆਂ ਲਿਖਤੀ ਅਪੀਲਾਂ ਨੂੰ ਵੀ ਦਰਕਿਨਾਰ ਕਰ ਦਿੱਤਾ ਗਿਆ।
ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਹੀ ਜਥੇਬੰਦੀ ਵੱਲੋਂ ਕਬਜ਼ਾ-ਨਿਸ਼ਾਨਦੇਹੀ ਰੋਕਣ ਲਈ ਪੱਕਾ ਮੋਰਚਾ ਲਾਇਆ ਗਿਆ ਹੈ। ਜਿਉਂਦ ਦੀਆਂ ਸਾਰੀਆਂ ਲਿੰਕ ਸੜਕਾਂ ਉੱਤੇ ਕਿਸਾਨਾਂ ਦੀ ਪੱਕੀ ਪਹਿਰੇਦਾਰੀ ਤੋਂ ਇਲਾਵਾ ਪਿੰਡ ਵਿੱਚ ਭਾਰੀ ਗਿਣਤੀ ਔਰਤਾਂ ਤੇ ਨੌਜਵਾਨਾਂ ਸਮੇਤ ਸੈਂਕੜੇ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਦਿਨ ਰਾਤ ਜਾਰੀ ਹੈ।
ਪਿੰਡ ਵਿੱਚ ਅਤੇ ਸੜਕਾਂ ਉੱਤੇ ਕਿਸਾਨ ਮਜ਼ਦੂਰ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਜਥੇਬੰਦੀ ਦੇ ਫੈਸਲੇ ਅਨੁਸਾਰ ਇਹ ਜ਼ਮੀਨੀ ਮੋਰਚਾ ਅਗਲੀ ਅਦਾਲਤੀ ਮਿਤੀ 30 ਜਨਵਰੀ ਤੱਕ ਲਗਾਤਾਰ ਦਿਨ ਰਾਤ ਜਾਰੀ ਰਹੇਗਾ ਅਤੇ ਲੋੜ ਪੈਣ ‘ਤੇ ਮੁਜ਼ਾਰਾ-ਹੱਕਾਂ ਦੀ ਪ੍ਰਾਪਤੀ ਅਤੇ ਝੂਠੇ ਕੇਸਾਂ ਦੀ ਵਾਪਸੀ ਤੱਕ ਹੋਰ ਵੀ ਅੱਗੇ ਜਾਰੀ ਰੱਖਿਆ ਜਾਵੇਗਾ।
ਕਿਸਾਨ ਆਗੂਆਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਜਥੇਬੰਦੀ ਵੱਲੋਂ ਬਠਿੰਡਾ ਡੀ ਸੀ ਦਫ਼ਤਰ ਅੱਗੇ ਕੋਠਾਗੁਰੂ ਪਿੰਡ ਦੇ ਸੜਕ ਹਾਦਸੇ ਦੇ ਸ਼ਹੀਦਾਂ ਦੇ ਵਾਰਸਾਂ ਅਤੇ ਜ਼ਖਮੀਆਂ ਦੇ ਇਲਾਜ ਸੰਬੰਧੀ ਹੱਕੀ ਮੰਗਾਂ ਸੰਬੰਧੀ ਚੱਲ ਰਿਹਾ ਪੱਕਾ ਮੋਰਚਾ ਅੱਜ ਤਸੱਲੀਬਖ਼ਸ਼ ਨਿਪਟਾਰੇ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ। ਪਰ ਭਵਾਨੀਗੜ੍ਹ (ਸੰਗਰੂਰ) ਵਿਖੇ ਭਾਰਤਮਾਲਾ ਸੜਕ ਖਾਤਰ ਪੂਰਾ ਮੁਆਵਜ਼ਾ ਦੇਣ ਤੋਂ ਬਿਨਾਂ ਹੀ ਧੱਕੇ ਨਾਲ ਜ਼ਮੀਨਾਂ ਰੋਕਣ ਵਿਰੁੱਧ ਪੱਕਾ ਮੋਰਚਾ ਜਾਰੀ ਹੈ।
ਹਰ ਮੋਰਚੇ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਕਿਸਾਨ ਮਜ਼ਦੂਰ ਔਰਤਾਂ ਮਰਦ ਨੌਜਵਾਨ ਦਿਨ ਰਾਤ ਡਟੇ ਹੋਏ ਹਨ। ਵੱਖ ਵੱਖ ਥਾਵਾਂ ‘ਤੇ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਸੂਬਾ ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਤੋਂ ਇਲਾਵਾ ਜ਼ਿਲ੍ਹਿਆਂ ਬਲਾਕਾਂ ਪਿੰਡਾਂ ਦੇ ਆਗੂ ਸ਼ਾਮਲ ਹਨ।
ਬੁਲਾਰਿਆਂ ਵੱਲੋਂ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਗਿਆ ਕਿ ਖੇਤੀ ਮੰਡੀਕਰਨ ਖਰੜੇ ਵਰਗੇ ਅਨੇਕਾਂ ਕਾਲੇ ਕਾਨੂੰਨਾਂ ਅਤੇ ਅਦਾਲਤੀ ਫ਼ੈਸਲਿਆਂ ਦੇ ਬਹਾਨੇ ਜਲ ਜੰਗਲ ਜ਼ਮੀਨਾਂ ਉੱਤੇ ਦੇਸ਼ ਦੇ ਕੋਨੇ ਕੋਨੇ ਵਿੱਚ ਬੋਲੇ ਜਾ ਰਹੇ ਕਬਜ਼ਾ ਧਾਵਿਆਂ ਵਿਰੁੱਧ ਆਦਿਵਾਸੀ ਜੁਝਾਰੂਆਂ ਵਾਂਗ ਸਿਰ ਤਲੀ ਧਰ ਲੜਨ ਵਾਲੀ ਜਨਤਕ ਜੁਝਾਰੂ ਭਾਵਨਾ ਨਾਲ ਪ੍ਰਵਾਰਾਂ ਸਮੇਤ ਇਨ੍ਹਾਂ ਪੱਕੇ ਕਿਸਾਨ ਮੋਰਚਿਆਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।
ਇਸਦੇ ਨਾਲ ਹੀ ਐੱਸ ਕੇ ਐੱਮ ਵੱਲੋਂ ਕੇਂਦਰੀ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰਨ ਸਮੇਤ ਗਾਰੰਟੀਸ਼ੁਦਾ ਐੱਮ ਐੱਸ ਪੀ ਸਮੇਤ ਲਟਕਦੀਆਂ ਕਿਸਾਨੀ ਮੰਗਾਂ ਲਈ 26 ਜਨਵਰੀ ਨੂੰ ਦੇਸ਼ ਭਰ ਵਿੱਚ ਕੀਤੇ ਜਾ ਰਹੇ ਟ੍ਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਲਈ ਵੀ ਵਿਸ਼ਾਲ ਲਾਮਬੰਦੀਆਂ ਕੀਤੀਆਂ ਜਾਣ।