Thursday, July 4, 2024
spot_img
spot_img
spot_img

‘ਆਮ ਆਦਮੀ ਪਾਰਟੀ’ ਵੱਲੋਂ ਅਕਾਲੀ ਦਲ ਨੂੰ ਵੱਡਾ ਝਟਕਾ: ਜਲੰਧਰ ਪੱਛਮੀ ਦੀ ਅਕਾਲੀ ਉਮੀਦਵਾਰ ਸੁਰਜੀਤ ਕੌਰ ‘ਆਪ’ ਵਿੱਚ ਸ਼ਾਮਲ

ਯੈੱਸ ਪੰਜਾਬ
ਜਲੰਧਰ, 2 ਜੁਲਾਈ, 2024:

‘ਆਮ ਆਦਮੀ ਪਾਰਟੀ’ ਨੇ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਮੰਗਲਵਾਰ ਨੂੰ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋ ਗਏ।

ਇਸ ਵੱਡੇ ਘਟਨਾਕ੍ਰਮ ਨਾਲ ਸ਼੍ਰੋਮਣੀ ਅਕਾਲੀ ਦਲ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿੱਚੋਂ ਰਸਮੀ ਤੌਰ ’ਤੇ ਬਾਹਰ ਹੋ ਗਿਆ ਹੈ।

ਦਰਅਸਲ ਇਹ ਝਟਕਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਲਈ ਹੈ ਜੋ ਕਿ ਪਾਰਟੀ ਵੱਲੋਂ ਕਿਨਾਰਾ ਕਰ ਲਏ ਜਾਣ ਤੋਂ ਬਾਅਦ ਵੀ ਅਜੇ ਤਾਂਈਂ ਖੁਲ੍ਹ ਕੇ ਸੁਰਜੀਤ ਕੌਰ ਦੀ ਹਮਾਇਤ ਕਰ ਰਿਹਾ ਸੀ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਪਣੇ ਉਮੀਦਵਾਰ ਤੋਂ ਕਿਨਾਰਾ ਕਰ ਚੁੱਕਾ ਸੀ। ਪਾਰਟੀ ਨੇ ਸੁਰਜੀਤ ਕੌਰ ਨੂੰ ਕਾਗਜ਼ ਵਾਪਸ ਲੈਣ ਲਈ ਕਿਹਾ ਸੀ, ਉਹ ਮੰਨ ਵੀ ਗਏ ਸੀ, ਪਰ ਬਾਅਦ ਵਿੱਚ ਕਾਗਜ਼ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਗੱਲ ਵੀ ਹੁਣ ਸਪਸ਼ਟ ਹੈ ਕਿ ਅਕਾਲੀ ਦਲ ਬਸਪਾ ਉਮੀਦਵਾਰ ਦੀ ਹਮਾਇਤ ਕਰ ਰਿਹਾ ਹੈ ਅਤੇ ਇਹ ਵੀ ਤੈਅ ਹੋ ਚੁੱਕਾ ਹੈ ਕਿ ਅਗਲੀਆਂ ਸਾਰੀਆਂ ਜ਼ਿਮਨੀ ਚੋਣਾਂ ਵਿੱਚ ਅਕਾਲੀ ਦਲ ਅਤੇ ਬਸਪਾ ਰਲ ਕੇ ਲੜਣਗੇ।

ਸੁਰਜੀਤ ਕੌਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਲੰਧਰ ਸਥਿਤ ਗ੍ਰਹਿ ਵਿਖੇ ਪੁੱਜੇ ਜਿੱਥੇ ਉਨ੍ਹਾਂ ਦਾ ਪਾਰਟੀ ਵਿੱਚ ਸੁਆਗਤ ਖ਼ੁਦ ਮੁੱਖ ਮੰਤਰੀ ਨੇ ਕੀਤਾ ਅਤੇ ਇਹ ਵੀ ਐਲਾਨ ਕੀਤਾ ਕਿ ਸੁਰਜੀਤ ਕੌਰ ਨੂੰ ਚੰਗੇ ਅਹੁਦੇ ਨਾਲ ਨਿਵਾਜਿਆ ਜਾਵੇਗਾ।

ਯਾਦ ਰਹੇ ਕਿ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਬਸਤੀ ਮਿੱਠੂ ਦੀ ਪਤਨੀ ਸੁਰਜੀਤ ਕੌਰ ਨੂੰ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੀ ਪਰ ਪਾਰਟੀ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਵੱਲੋਂ ਬਸਪਾ ਉਮੀਦਵਾਰ ਨੂੰ ਸਮਰਥਨ ਦੇਣ ਦੇ ਸੰਕੇਤ ਅਤੇ ਜ਼ਿਲ੍ਹੇ ਦੇ ਅਕਾਲੀਆਂ ਦੇ ਇੱਕ ਹਿੱਸੇ ਵੱਲੋਂਸਾਥ ਨਾ ਦਿੱਤੇ ਜਾਣ ਕਰਕੇ ਸੁਰਜੀਤ ਕੌਰ ਲਈ ਜੱਕੋ ਤੱਕੀ ਵਾਲੀ ਸਥਿਤੀ ਬਣੀ ਹੋਈ ਸੀ।

ਸੁਰਜੀਤ ਕੌਰ ਵੱਲੋਂ ਇਹ ਫ਼ੈਸਲਾ ਲੈਣ ਕਾਰਨ ਹੁਣ ਅਕਾਲੀ ਦਲ ਜਲੰਧਰ ਪੱਛਮੀ ਦੇ ਚੋਣ ਪਿੜ ਵਿੱਚੋਂ ਰਸਮੀ ਤੌਰ ’ਤੇ ਬਾਹਰ ਹੋ ਗਿਆ ਹੈ ਅਤੇ ਪਾਰਟੀ ਹੁਣ ਸਿੱਧੇ ਤੌਰ ’ਤੇ ਬਸਪਾ ਦੀ ਹਮਾਇਤ ਕਰਦੀ ਨਜ਼ਰ ਆ ਰਹੀ ਹੈ।

ਜ਼ਿਕਰਯੋਗ ਹੈ ਕਿ ਅਕਾਲੀ ਦਲ ਦੀ ਅੰਦਰੂਨੀ ਜੰਗ ਇਸ ਵੇਲੇ ਸਿਖ਼ਰਾਂ ’ਤੇ ਹੈ ਅਤੇ ਕਿਸੇ ਵੇਲੇ ਬਾਦਲ ਪਰਿਵਾਰ ਦੇ ਖ਼ਾਸ ਰਹੇ ਆਗੂ ਹੁਣ ਸੁਖ਼ਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਇਕੱਠੇ ਹੋਏ ਨਜ਼ਰ ਆ ਰਹੇ ਹਨ।

- Advertisment -

ਅਹਿਮ ਖ਼ਬਰਾਂ