Wednesday, November 6, 2024
spot_img
spot_img
spot_img

CM ਮਾਨ ਨੇ ਪੰਜਾਬ ਨੂੰ ਦੇਸ਼ ਦੇ ਡਿਜੀਟਲ ਹੱਬ ਵਜੋਂ ਉਭਾਰਨ ਦਾ ਲਿਆ ਅਹਿਦ

ਯੈੱਸ ਪੰਜਾਬ
ਚੰਡੀਗੜ੍ਹ, 15 ਅਕਤੂਬਰ, 2024

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਜਲਦੀ ਹੀ ਦੇਸ਼ ਦੇ ਡਿਜੀਟਲ ਹੱਬ ਵਜੋਂ ਉੱਭਰੇਗਾ।

ਆਊਟਸੋਰਸਡ ਡਿਜ਼ੀਟਲ ਕਾਰੋਬਾਰੀ ਸੇਵਾਵਾਂ ਲਈ ਗਲੋਬਲ ਲੀਡਰ ਟੈਲੀਪਰਫਾਰਮੈਂਸ (ਟੀ.ਪੀ.) ਦੇ ਚੇਅਰਮੈਨ ਅਤੇ ਸੀ.ਈ.ਓ. ਡੇਨੀਅਲ ਜੂਲੀਅਨ ਨਾਲ ਇੱਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਇਸ ਵਿਸ਼ਾਲ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ।

ਉਨ੍ਹਾਂ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਟੈਲੀਪਰਫਾਰਮੈਂਸ ਦੇ ਮੋਹਾਲੀ ਵਿੱਚ 16 ਹਜ਼ਾਰ ਤੋਂ ਵੱਧ ਕਰਮਚਾਰੀ ਹਨ। ਉਨ੍ਹਾਂ ਜੂਲੀਅਨ ਨੂੰ ਪੰਜਾਬ ਵਿੱਚ ਹੋਰ ਵਿਸਥਾਰ ਲਈ ਵਿਚਾਰ ਕਰਨ ਦੀ ਅਪੀਲ ਕੀਤੀ ਅਤੇ ਜੂਲੀਅਨ ਨੇ ਇਸ ਪੇਸ਼ਕਸ਼ ਨੂੰ ਸਹਿਜੇ ਹੀ ਸਵੀਕਾਰ ਕਰ ਲਿਆ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਟੈਲੀਪਰਫਾਰਮੈਂਸ ਸੇਵਾਵਾਂ ਦੀਆਂ ਮੋਹਾਲੀ ਵਿੱਚ ਆਪਣੀਆਂ ਤਿੰਨ ਸਾਈਟਾਂ ਹਨ, ਜਿਨ੍ਹਾਂ ਕੋਲ ਬੀ.ਐਫ.ਐਸ., ਟਰੈਵਲ, ਈ-ਕਾਮਰਸ, ਤਕਨਾਲੋਜੀ, ਮੀਡੀਆ ਅਤੇ ਟੈਲੀਕਾਮ ਸਮੇਤ ਸਾਰੇ ਉਦਯੋਗਾਂ ਦੇ ਮੋਹਰੀ ਗਾਹਕ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਸੱਚਮੁੱਚ ਭਾਰਤ ਦੇ ਆਈ.ਟੀ. ਹੱਬ ਵਜੋਂ ਉੱਭਰ ਰਿਹਾ ਹੈ ਅਤੇ ਕਿਹਾ ਕਿ ਟੈਲੀਪਰਫਾਰਮੈਂਸ ਦੁਨੀਆ ਭਰ ਦੇ 100 ਦੇਸ਼ਾਂ ਵਿੱਚ ਪੰਜ ਲੱਖ ਤੋਂ ਵੱਧ ਕਰਮਚਾਰੀਆਂ ਦੇ ਨਾਲ ਆਊਟਸੋਰਸਡ ਡਿਜੀਟਲ ਬਿਜ਼ਨਸ ਸੇਵਾਵਾਂ ਪ੍ਰਦਾਨ ਕਰਨ ਵਾਲੀ ਮੋਹਰੀ ਆਲਮੀ ਕੰਪਨੀ ਹੈ। ਭਗਵੰਤ ਸਿੰਘ ਮਾਨ ਨੇ ਕੰਪਨੀ ਨੂੰ ਸੂਬੇ ਵਿੱਚ ਵਿਸਥਾਰ ਦੀਆਂ ਯੋਜਨਾਵਾਂ ਲਈ ਪੂਰਨ ਸਹਿਯੋਗ ਅਤੇ ਤਾਲਮੇਲ ਦਾ ਭਰੋਸਾ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਟੈਲੀਪਰਫਾਰਮੈਂਸ ਗਰੁੱਪ ਦਾ ਹੋਰ ਵਿਸਤਾਰ ਇੱਕ ਪਾਸੇ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗਾ ਅਤੇ ਦੂਜੇ ਪਾਸੇ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰੇਗਾ।

ਇਸ ਦੌਰਾਨ ਡੇਨੀਅਲ ਜੂਲੀਅਨ ਨੇ ਸੂਬੇ ਵਿੱਚ ਉਨ੍ਹਾਂ ਦੇ ਉੱਦਮ ਨੂੰ ਪੂਰਾ ਸਮਰਥਨ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ 90,000 ਕਰਮਚਾਰੀਆਂ ਦੇ ਨਾਲ ਟੈਲੀਪਰਫਾਰਮੈਂਸ ਸਮੂਹ ਦੇ ਅੰਦਰ ਟੀ.ਪੀ. ਇੰਡੀਆ ਸਭ ਤੋਂ ਵੱਡੀ ਬਹੁ-ਸੱਭਿਆਚਾਰਕ ਟੀਮ ਦੀ ਨੁਮਾਇੰਦਗੀ ਕਰਦੀ ਹੈ ਅਤੇ ਦੁਨੀਆ ਭਰ ਦੇ ਵੱਖ-ਵੱਖ ਉਦਯੋਗਾਂ ਵਿੱਚ ਦੋ ਸੌ ਤੋਂ ਵੱਧ ਗਾਹਕਾਂ ਨੂੰ ਵਿਸ਼ਵ ਪੱਧਰੀ ਸੀ.ਐਕਸ. ਸੇਵਾਵਾਂ ਪ੍ਰਦਾਨ ਕਰਦੀ ਹੈ।

ਜੂਲੀਅਨ ਨੇ ਕਿਹਾ ਕਿ ਕੰਪਨੀ ਦੀ ‘ਹਾਈ-ਟੈਕ, ਹਾਈ-ਟਚ, ਹਾਈ ਸਟੈਂਡਰਡ’ ਪਹੁੰਚ ਦੁਨੀਆ ਦੇ ਪ੍ਰਮੁੱਖ ਬ੍ਰਾਂਡਾਂ ਨੂੰ ਸਹਿਜ ਗਾਹਕ ਅਨੁਭਵ, ਬੈਕ-ਆਫਿਸ ਅਤੇ ਪਰਿਵਰਤਨ ਸੇਵਾਵਾਂ ਪ੍ਰਦਾਨ ਕਰਨ ਲਈ ਸਭ ਤੋਂ ਉੱਨਤ ਡਿਜੀਟਲ ਅਤੇ ਤਕਨਾਲੋਜੀ ਹੱਲ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਵਿੱਚ ਟੈਲੀਪਰਫਾਰਮੈਂਸ ਨੇ ਵੱਡੀ ਪੱਧਰ ਉੱਤੇ ਵਿਕਾਸ ਕੀਤਾ ਹੈ, ਜਿਸ ਨਾਲ ਮੌਜੂਦਾ 16 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਗਿਣਤੀ ਵਾਲੇ ਇਸ ਖੇਤਰੀ ਪ੍ਰਤਿਭਾ ਪੂਲ ਵਿੱਚ ਰੋਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਏ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ