ਬਾਜਵਾ, ਵੜਿੰਗ ਅਤੇ ਸੁਖ਼ਜਿੰਦਰ ਰੰਧਾਵਾ ਦੀ ਅਗਵਾਈ ਵਿੱਚ ਕੁਝ ਕਾਂਗਰਸ ਆਗੂ ਪੁੱਜੇ ਸਨ ਜਲਾਲਾਬਾਦ
ਯੈੱਸ ਪੰਜਾਬ
ਚੰਡੀਗੜ੍ਹ, 29 ਸਤੰਬਰ, 2023:
ਵੀਰਵਾਰ ਸਵੇਰੇ ਆਪਣੀ ਚੰਡੀਗੜ੍ਹ ਦੇ ਸੈਕਟਰ 5 ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤੇ ਗਏ ਕਾਂਗਰਸ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖ਼ਪਾਲ ਸਿੰਘ ਖ਼ਹਿਰਾ ਨੂੰ ਅੱਜ ਜਲਾਲਾਬਾਦ ਵਿਖ਼ੇ ਮਿਲਣ ਪੁੱਜੇ ਸੀਨੀਅਰ ਕਾਂਗਰਸ ਆਗੂਆਂ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ’ਤੇ ਉਨ੍ਹਾਂ ਨੂੰ ਸ: ਖ਼ਹਿਰਾ ਨਾਲ ਮੁਲਾਕਾਤ ਕੀਤੇ ਬਿਨਾਂ ਹੀ ਪਰਤਣਾ ਪਿਆ।
ਅੱਜ ਸਵੇਰੇ ਹੀ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ: ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ-ਮੁੱਖ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕਾਂਗਰਸ ਆਗੂ ਸ: ਖ਼ਹਿਰਾ ਨਾਲ ਮੁਲਾਕਾਤ ਲਈ ਜਲਾਲਾਬਾਦ ਪੁਲਿਸ ਥਾਣੇ ਪੁੱਜੇ।
ਸ: ਖ਼ਹਿਰਾ ਨਾਲ ਮੁਲਾਕਾਤ ਨਾ ਹੋਣ ਕਾਰਨਓ ਥਾਣੇ ਤੋਂ ਬਾਹਰ ਆਏ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣੇ ਵਿੱਚ ਚਾਹ ਪਾਣੀ ਤਾਂ ਪੁੱਛਿਆ ਗਿਆ ਪਰ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਹਿਲਾਂ ਥਾਣੇ ਵਿੱਚੋਂ ਮਨ੍ਹਾਂ ਕਰਕੇ ਕਿਹਾ ਗਿਆ ਕਿ ਐੱਸ.ਐੱਸ.ਪੀ. ਆ ਰਹੇ ਹਨ ਅਤੇ ਜਦ ਐੱਸ.ਐੱਸ.ਪੀ. ਆਏ ਤਾਂ ਉਨ੍ਹਾਂ ਨੇ ਵੀ ਮੁਲਾਕਾਤ ਨਹੀਂ ਕਰਵਾਉਣ ਬਾਰੇ ਕਹਿ ਦਿੱਤਾ।
ਸ:ਬਾਜਵਾ ਨੇ ਕਿਹਾ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹਨ ਅਤੇ ਗ੍ਰਿਫ਼ਤਾਰ ਕੀਤੇ ਗਏ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਮਿਲਣ ਲਈ ਆਏ ਸਨ ਪਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ।
ਸ: ਵੜਿੰਗ ਨੇ ਕਿਹਾ ਕਿ ਸੁਖ਼ਪਾਲ ਸਿੰਘ ਖ਼ਹਿਰਾ ਕੋਈ ‘ਅਪਰਾਧਕ ਵਿਅਕਤੀ’ ਨਹੀਂ ਹਨ ਕਿ ਉਨ੍ਹਾਂ ਨੂੰ ਮਿਲਣ ਵੀ ਨਾ ਦਿੱਤਾ ਜਾਂਦਾ।
ਆਗੂਆਂ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਬਠਿੰਡਾ ਵਿਖ਼ੇ ਕੀਤੇ ਜਾ ਰਹੇ ਪ੍ਰੋਗਰਾਮ ਤੋਂ ਬਾਅਦ ਮੀਟਿੰਗ ਕਰਕੇ ਇਸ ਮਾਮਲੇ ਵਿੱਚ ਅਗਲੀ ਰਣਨੀਤੀ ਉਲੀਕੀ ਜਾਵੇਗੀ।
ਇਸ ਨੂੰ ਵੀ ਪੜ੍ਹੋ:
ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸੁਖ਼ਬੀਰ ਬਾਦਲ, ਸੁਮੇਧ ਸੈਣੀ, ਉਮਰਾਨੰਗਲ ਤੇ ਹੋਰਨਾਂ ਨੂੰ ਮਿਲੀ ਹਾਈਕੋਰਟ ਤੋਂ ਰਾਹਤ
ਮਨਪ੍ਰੀਤ ਬਾਦਲ ਨੂੰ ਭਾਲ ਰਹੀ ਵਿਜੀਲੈਂਸ, ਪੰਜਾਬ ਸਣੇ 6 ਸੂਬਿਆਂ ਵਿੱਚ ਛਾਪੇਮਾਰੀ ਦੀਆਂ ਖ਼ਬਰਾਂ
ਸਿੱਧੂ ਮੂਸੇਵਾਲਾ ਕਤਲ ਕਾਂਡ: ਸਚਿਨ ਥਾਪਨ ਨੂੰ ਦਿੱਲੀ ਤੋਂ ਲੈ ਕੇ ਆਈ ਪੰਜਾਬ ਪੁਲਿਸ
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ