Asian Philosophy Conference – Diary Da Panna – by Ninder Ghugianvi
ਇਹਨੀਂ ਦਿਨੀਂ ਮਹਾਂਰਾਸ਼ਟਰ ਵਿਚ ਹਾਂ।ਵਰਧਾ ਵਿਖੇ ਸਥਾਪਿਤ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਲੋਂ ਚੌਥੀ ਏਸ਼ਿਆਈ ਕਾਨਫਰੰਸ ਵਿਚ ਸ਼ਿਰਕਤ ਕੀਤੀ। ਪੂਰੇ ਭਾਰਤ ਦੇ ਵਖ ਵਖ ਸੂਬਿਆਂ ਦੀਆਂ ਯੂਨੀਵਰਸਿਟੀਆਂ, ਖੋਜ ਕੇਂਦਰਾਂ ਦੇ ਵਿਦਵਾਨ, ਕਈ ਵਾਈਸ ਚਾਂਸਲਰ, ਪ੍ਰੋਫੈਸਰ ਪੁੱਜੇ ਹੋਏ ਸਨ। ਦਰਸ਼ਨ ਫਿਲਾਸਫੀ ਦੀਆਂ ਗੱਲਾਂ ਖੂਬ ਹੋਈਆਂ। ਅਜਾਦੀ ਤੇ ਸਾਡੇ ਫਰਜ ਵਿਸ਼ੈ ਉਤੇ ਵੀ ਵਿਦਵਾਨ ਖੁਲ ਕੇ ਬੋਲੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਜਨੀਸ਼ ਕੁਮਾਰ ਸ਼ੁਕਲਾ ਦੀ ਅਗਵਾਈ ਹੇਠ ਤਿੰਨ ਰੋਜਾ ਇਹ ਪਚਾਨਵੀਂ ਮਹਾਂ ਸਭਾ ਜੁੜੀ। ਇਸ ਸਭਾ ਵਿਚ ਹਿੱਸਾ ਲੈਂਦਿਆਂ ਮੈਂ ਆਪਣੇ ਆਪ ਨੂੰ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੀ ਮਹਿਸੂਸ ਕਰ ਰਿਹਾ ਸਾਂ। ਸਭ ਤੋਂ ਵਧ ਮਨ ਮੋਹਿਆ ਸਭਾ ਦੀ ਸਹਿਜਤਾ ਤੇ ਸਲੀਕੇ ਨੇ। ਪ੍ਰਬੰਧ ਪੁਖਤਾ ਸਨ। ਹਾਲ ਵਿਚ ਬੈਠੇ ਪੰਜ ਸੌ ਤੋਂ ਵਧੇਰੇ ਡੈਲੀਗੇਟਸ ਇਕਾਗਰ ਹੋਕੇ ਇਕ ਇਕ ਬੁਲਾਰੇ ਨੂੰ ਸੁਣਦੇ ਰਹੇ ਦਿਸੇ।
ਯੂਨੀਵਰਸਿਟੀ ਦੇ ਰਜਿਸਟਰਾਰ ਡਾ ਕਾਦਰ ਨਵਾਬ ਖਾਨ ਸਾਰੇ ਸਮਾਰੋਹ ਉਤੇ ਬਾਜ ਅੱਖ ਰੱਖ ਰਹੇ ਜਾਪੇ। ਜਦ ਮਹਾਂ ਕਵੀ ਕਾਲੀਦਾਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਡਾ ਪੇਲਨਾ ਬੋਲ ਰਿਹਾ ਸੀ ਤਾਂ ਬੈਠੇ ਬੈਠੇ ਮੈਨੂੰ ਕਾਲੀਦਾਸ ਦਾ ਲਿਖਿਆ ਕਿੱਸਾ ‘ਪੂਰਨ ਭਗਤ’ ਬੜਾ ਚੇਤੇ ਆਇਆ।
ਮੈਂ ਇਕ ਗੱਲ ਬੜੀ ਸ਼ਿਦਤ ਨਾਲ ਮਹਿਸੂਸ ਕੀਤੀ ਕਿ ਪਹੁੰਚੇ ਹੋਏ ਵਿਦਵਾਨ ਬੁਲਾਰਿਆਂ ਨੇ ਆਪਣੀ ਸਾਰੀ ਦੀ ਸਾਰੀ ਉਮਰ ਜਿਵੇਂ ਖੋਜ, ਅਧਿਐਨ ਤੇ ਅਧਿਆਪਨ ਵਿਚ ਹੀ ਲਗਾ ਦਿੱਤੀ ਹੋਵੇ। ਆਪੋ ਆਪਣੇ ਖੇਤਰਾਂ ਦੇ ਗਿਆਤਾ ਤੇ ਗਿਆਨੀ ਲੋਕ ਸਨ ਇਹ ਸਾਰੇ। ਮੁੱਖ ਮਹਿਮਾਨ ਮੈਡਮ ਡਾ ਅਰੁਣਾ ਗੁਪਤਾ ਜੀ ਸਨ ਜੀ ਵਾਈਸ ਚਾਂਸਲਰ ਬੁੱਧਾਇਸ਼ਟ ਯੂਨੀਵਰਸਿਟੀ ਦੇ ਆਪਣੇ ਭਾਸ਼ਣ ਵਿਚ ਆਖੇ ਇਹ ਬੋਲ ਹਮੇਸ਼ਾ ਚੇਤੇ ਰਹਿਣਗੇ ਕਿ ਜਦੋਂ ਅਸੀਂ ਉੱਚੀ ਸੁਰ ਵਿਚ ਗੱਲ ਕਰਦੇ ਹਾਂ ਤਾਂ ਉਦੋਂ ਸਾਡੇ ਅੰਦਰਲੀ ਅੰਮ੍ਰਿਤ ਧੁਨੀ ਖੋਖਲੀ ਹੋ ਗਈ ਹੁੰਦੀ ਹੈ।
ਵਾਈਸ ਚਾਂਸਲਰ ਸ਼ੁਕਲਾ ਜੀ ਪਹਿਲੇ ਸੈਸ਼ਨ ਦੀ ਸਫਲ ਸਮਾਪਤੀ ਉਤੇ ਇਕ ਇਕ ਸਰੋਤੇ ਨੂੰ ਬੜੀ ਸ਼ਿੱਦਤ ਤੇ ਖਲੂਸ ਨਾਲ ਮਿਲ ਰਹੇ ਸਨ। ਕਾਸ਼, ਸਾਡੇ ਪੰਜਾਬ ਵਿਚ ਹੁੰਦੀਆਂ ਵਿਦਵਾਨਾਂ ਦੀਆਂ ਕਾਨਫਰੰਸਾਂ ਦਾ ਇਹ ਮਿਆਰ ਬਣ ਜਾਵੇ ਕਦੇ! ਬੜਾ ਹੀ ਚੰਗਾ ਹੋਵੇ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ