ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 29 ਦਸੰਬਰ, 2024
Arizona ਵਿਚ Phoenix ਸਕਾਈ ਹਾਰਬਰ ਇੰਟਨੈਸ਼ਨਲ ਹਵਾਈ ਅੱਡੇ ‘ਤੇ ਹੋਈ ਗੋਲੀਬਾਰੀ ਵਿਚ ਇਕ ਔਰਤ ਸਮੇਤ 3 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਘਰੇਲੂ ਝਗੜੇ ਦਾ ਸਿੱਟਾ ਹੈ ਤੇ ਘਟਨਾ ਵਿਚ ਸ਼ਾਮਿਲ ਸਾਰੇ 5 ਲੋਕ ਇਕ ਦੂਸਰੇ ਦੇ ਕਰੀਬੀ ਹਨ।
Phoenix Police ਸਾਰਜੈਂਟ ਮਾਇਰਾ ਰੀਸਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਸੁਰੱਖਿਆ ਘੇਰੇ ਤੋਂ ਬਾਹਰ ਟਰਮੀਨਲ 4 ਰੈਸਟੋਰੈਂਟ ਵਿਖੇ ਹੋਈ ਜਿਥੇ ਤਕਰੀਬਨ ਰਾਤ 9.45 ਵਜੇ ਮੌਕੇ ਉਪਰ ਪੁੱਜੇ ਪੁਲਿਸ ਅਫਸਰਾਂ ਨੂੰ 3 ਲੋਕ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ।
ਉਨਾਂ ਕਿਹਾ ਕਿ ਬਾਅਦ ਵਿਚ ਪੁਲਿਸ ਨੇ ਪਾਰਕਿੰਗ ਗੈਰਾਜ ਖੇਤਰ ਵਿਚੋਂ ਇਕ ਨਬਾਲਗ ਕੁੜੀ ਤੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ। ਵਿਅਕਤੀ ਦੇ ਚਾਕੂ ਵੱਜਾ ਹੋਇਆ ਸੀ।
ਰੀਸਨ ਅਨੁਸਾਰ ਉਸ ਦਾ ਵਿਸ਼ਵਾਸ਼ ਹੈ ਕਿ ਇਹ ਘਟਨਾ ਘਰੇਲੂ ਝਗੜੇ ਦਾ ਸਿੱਟਾ ਹੈ ਜੋ ਵਧ ਗਿਆ ਤੇ ਗੋਲੀ ਚੱਲ ਗਈ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿਨਾਂ ਵਿਚੋਂ ਇਕ ਔਰਤ ਦੀ ਹਾਲਤ ਗੰਭੀਰ ਹੈ ਜਦ ਕਿ ਬਾਕੀ ਸਥਿੱਰ ਹਾਲਤ ਵਿਚ ਹਨ।
ਰੀਸਨ ਨੇ ਕਿਹਾ ਹੈ ਕਿ ਘਟਨਾ ਵਿਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਗ੍ਰਿਫਤਾਰ ਕੀਤੀ ਇਕ ਨਬਾਲਗ ਕੁੜੀ ਤੇ ਇਕ ਵਿਅਕਤੀ ਵਿਰੁੱਧ ਅਜੇ ਦੋਸ਼ ਦਾਇਰ ਨਹੀਂ ਕੀਤੇ ਗਏ ਹਨ। ਉਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇਹ ਅਜੇ ਸਪੱਸ਼ਟ ਨਹੀਂ ਹੈ ਕਿ ਘਟਨਾ ਵਿਚ ਸ਼ਾਮਿਲ ਲੋਕਾਂ ਦੀ ਸਫਰ ਕਰਨ ਦੀ ਯੋਜਨਾ ਸੀ ਜਾਂ ਹੋਰ ਕਿਸੇ ਕਾਰਨ ਹਵਾਈ ਅੱਡੇ ‘ਤੇ ਆਏ ਸਨ। ਰੀਸਨ ਅਨੁਸਾਰ ਹਾਲਾਂ ਕਿ ਘਟਨਾ ਉਪਰੰਤ ਖਾਣ ਪੀਣ ਵਾਲੇ ਖੇਤਰ ਵਿਚਲੇ ਸਾਰੇ ਰੈਸਟੋਰੈਂਟ ਬੰਦ ਕਰ ਦਿੱਤੇ ਗਏ ਸਨ ਪਰੰਤੂ ਬਾਅਦ ਵਿਚ ਸਭ ਕੁਝ ਆਮ ਵਾਂਗ ਹੋ ਗਿਆ ਹੈ।