ਯੈੱਸ ਪੰਜਾਬ
ਅੰਮ੍ਰਿਤਸਰ, 22 ਮਈ, 2025
Amritsar ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵਾਤਾਵਰਨ ਸਬੰਧੀ ਕਮੇਟੀ ਦੀ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਡਿਪਟੀ ਕਮਿਸ਼ਨਰ Amritsar ਸ੍ਰੀਮਤੀ Sakshi Sawhney ਨੇ ਦੱਸਿਆ ਕਿ ਛੇਤੀ ਹੀ ਹਵਾਈ ਅੱਡੇ ਉੱਤੇ ਯਾਤਰੀਆਂ ਲਈ ਮੁਫਤ ਵਾਈਫਾਈ ਦੀ ਸੁਵਿਧਾ ਚਾਲੂ ਕਰ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਵਾਈਫਾਈ ਦੀ ਸੁਵਿਧਾ ਦੇਣ ਲਈ ਕੰਮ ਪ੍ਰਗਤੀ ਅਧੀਨ ਹੈ ਅਤੇ ਛੇਤੀ ਹੀ ਜਨਤਾ ਲਈ ਇਹ ਸਹੂਲਤ ਚਾਲੂ ਹੋ ਜਾਵੇਗੀ।
ਉਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਹਵਾਈ ਅੱਡੇ ਦੇ ਪ੍ਰਬੰਧਕਾਂ ਨਾਲ ਅੰਮ੍ਰਿਤਸਰ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ ਮਨਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਉੱਤੇ ਵੀ ਵਿਚਾਰ ਚਰਚਾ ਹੋਈ।
ਉਹਨਾਂ ਕਿਹਾ ਕਿ ਇਹ ਸਮਾਗਮ ਬਹੁਤ ਵੱਡੇ ਪੱਧਰ ਉੱਤੇ ਕਰਵਾਏ ਜਾਣਗੇ ਸੋ ਸਮਾਗਮਾਂ ਵਿੱਚ ਭਾਗ ਲੈਣ ਲਈ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਨਾਲ ਨਾਲ ਅੰਤਰਰਾਸ਼ਟਰੀ ਪੱਧਰ ਦੀਆਂ ਮਹਾਨ ਹਸਤੀਆਂ ਵੀ ਸਮਾਗਮ ਵਿੱਚ ਆਉਣਗੀਆਂ ਸੋ ਇਹਨਾਂ ਯਾਤਰੀਆਂ ਦੀ ਆਮਦ ਲਈ ਹਵਾਈ ਅੱਡੇ ਉੱਤੇ ਕੀਤੀ ਜਾਣ ਵਾਲੀ ਤਿਆਰੀਆਂ ਵੀ ਪ੍ਰਬੰਧਕਾਂ ਨਾਲ ਵਿਚਾਰੀ ਗਈਆਂ।
ਉਹਨਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਦਾ ਟਰਮੀਨਲ ਵਿੱਚ ਵਿਸਥਾਰ ਕਰਨਾ ਵੀ ਮੀਟਿੰਗ ਦਾ ਹਿੱਸਾ ਰਿਹਾ। ਉਨਾਂ ਕਿਹਾ ਕਿ ਇਸ ਸਬੰਧੀ ਤਜਵੀਜ਼ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ।ਜੇਕਰ ਇਸ ਦਾ ਵਿਸਥਾਰ ਕੀਤਾ ਜਾਵੇ ਤਾਂ ਅੰਮ੍ਰਿਤਸਰ ਦਾ ਹਵਾਈ ਅੱਡਾ ਪ੍ਰਵਾਸੀ ਭਾਰਤੀਆਂ ਅਤੇ ਸੈਲਾਨੀਆਂ ਲਈ ਪੰਜਾਬ ਦਾ ਗੇਟਵੇਅ ਸਾਬਤ ਹੋ ਸਕਦਾ ਹੈ।
ਬੀਤੇ ਸਮੇਂ ਦੌਰਾਨ ਇੱਥੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਸੋ ਲੋੜ ਹੈ ਕਿ ਇਸ ਦੇ ਟਰਮੀਨਲ ਵਿੱਚ ਵਾਧਾ ਕੀਤਾ ਜਾਵੇ। ਉਹਨਾਂ ਦੱਸਿਆ ਕਿ ਇਸ ਵੇਲੇ ਇਸ ਦਾ ਖੇਤਰ 40 ਹਜਰ ਵਰਗ ਮੀਟਰ ਹੈ ਅਤੇ 1600 ਯਾਤਰੀਆਂ ਦੀ ਸਮਰੱਥਾ ਹੈ ਪਰ ਸੈਲਾਨੀਆਂ ਦੀ ਲਗਾਤਾਰ ਵੱਧ ਰਹੀ ਆਮਦ ਕਾਰਨ ਇਸ ਵਿਚ 10 ਹਜ਼ਾਰ ਵਰਗ ਮੀਟਰ ਦਾ ਖੇਤਰ ਹੋਰ ਨਾਲ ਜੋੜਨ ਅਤੇ ਸੈਲਾਨੀਆਂ ਦੀ ਸਮਰੱਥਾ 2000 ਦੇ ਕਰੀਬ ਕਰਨ ਦੀ ਤੁਰੰਤ ਲੋੜ ਹੈ।
ਇਸ ਤੋਂ ਇਲਾਵਾ ਵਾਤਾਵਰਨ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਹਵਾਈ ਅੱਡੇ ਨੇੜੇ ਪੰਛੀਆਂ ਦੀ ਆਮਦ ਨੂੰ ਕੰਟਰੋਲ ਕਰਨ ਉਤੇ ਵੀ ਵਿਚਾਰ ਚਰਚਾ ਹੋਈ। ਮੀਟਿੰਗ ਵਿੱਚ ਡਾਇਰੈਕਟਰ ਏਅਰਪੋਰਟ ਸ੍ਰੀ ਐਸ ਕੇ ਕਪਾਹੀ, ਕਾਰਪੋਰੇਸ਼ਨ ਦੇ ਜੁਆਇੰਟ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।