ਹੁਸਨ ਲੜੋਆ ਬੰਗਾ,
ਸੈਕਰਾਮੈਂਟੋ, ਕੈਲੀਫੋਰਨੀਆ, 29 ਦਸੰਬਰ, 2024
America ਦੇ ਕਈ ਰਾਜਾਂ ਵਿਚ ਦੱਖਣ ਏਸ਼ੀਆਈ ਸੁਨਿਆਰਿਆਂ ਦੇ ਸਟੋਰਾਂ ਵਿੱਚ ਕੀਤੀਆਂ ਗਈਆਂ ਹਥਿਆਰਬੰਦ ਲੁੱਟਾਂ ਖੋਹਾਂ ਦੇ ਮਾਮਲੇ ਵਿਚ ਵਾਸ਼ਿੰਗਟਨ ਡੀ ਸੀ ਦੇ ਵਸਨੀਕ ਵਿਲੀਅਮ ਹੰਟਰ (28) ਨੂੰ 19 ਸਾਲ ਸੰਘੀ ਜੇਲ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਇਹ ਲੁੱਟਾਂ ਖੋਹਾਂ ਡੇਢ ਸਾਲ ਦੇ ਸਮੇ ਦੌਰਾਨ ਕੀਤੀਆਂ ਗਈਆਂ ਸਨ ਜਿਨਾਂ ਵਿਚ ਲੁਟੇਰੇ ਸੁਨਿਆਰਿਆਂ ਨੂੰ ਡਰਾ ਧਮ ਕਾ ਕੇ ਲੱਖਾਂ ਡਾਲਰਾਂ ਦਾ ਸੋਨਾ ਤੇ ਨਕਦੀ ਲੈ ਗਏ ਸਨ।
”ਇਲ ਵਿਲ” ਦੇ ਨਾਂ ਨਾਲ ਜਾਣੇ ਜਾਂਦੇ ਹੰਟਰ ਨੇ ਸਤੰਬਰ 2024 ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ। ਯੂ ਐਸ ਡਿਸਟ੍ਰਿਕਟ ਕੋਰਟ ਜੱਜ ਕ੍ਰਿਸਟੋਫਰ ਆਰ ਕੂਪਰ ਨੇ ਸਜ਼ਾ ਕੱਟਣ ਉਪਰੰਤ ਉਸ ਉਪਰ 4 ਸਾਲ ਨਿਗਰਾਨੀ ਰਖਣ ਦਾ ਆਦੇਸ਼ ਵੀ ਦਿੱਤਾ। ਵਕੀਲਾਂ ਅਨੁਸਾਰ ਹੰਟਰ 15 ਮੈਂਬਰਾਂ ਵਾਲੇ ਗਿਰੋਹ ਦਾ ਹਿੱਸਾ ਹੈ ਜਿਸ ਗਿਰੋਹ ਦੀ ਅਗਵਾਈ ‘ਤਾਲਿਬਾਨ ਗਲਿਜ਼ੀ” ਦੇ ਨਾਂ ਨਾਲ ਜਾਣੇ ਜਾਂਦੇ ਇਕ ਰੈਪਰ ਟਰੇਵੋਰ ਰਾਈਟ ਦੇ ਹੱਥ ਵਿਚ ਹੈ। ਇਸ ਗਿਰੋਹ ਨੇ ਬਹੁਤ ਹੀ ਯੋਜਨਾਬੱਧ ਢੰਗ ਨਾਲ ਵਿਰਜੀਨੀਆ, ਨਿਊ ਜਰਸੀ ਤੇ ਪੈਨਸਿਲਵਾਨੀਆ ਵਿਚ ਲੁੱਟਾਂ ਖੋਹਾਂ ਕੀਤੀਆਂ।