ਯੈੱਸ ਪੰਜਾਬ
ਹੁਸਨ ਲੜੋਆ ਬੰਗਾ
ਸੈਕਰਾਮੈਂਟੋ,ਕੈਲੀਫੋਰਨੀਆ, 22 ਅਪ੍ਰੈਲ, 2025
ਅਮਰੀਕਾ ਵੱਲੋਂ ਵੱਡੀ ਪੱਧਰ ‘ਤੇ ਕੌਮਾਂਤਰੀ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਜਾ ਰਹੇ ਹਨ ਜਿਸ ਕਾਰਨ ਭਾਰਤੀ ਵਿਦਿਆਰਥੀਆਂ ਜਿਨਾਂ ਵਿਚ ਵਧੇਰੇ ਗਿਣਤੀ ਪੰਜਾਬੀਆਂ ਦੀ ਹੈ, ਦੀ ਪ੍ਰੇਸ਼ਾਨੀ ਵਧ ਗਈ ਹੈ। ਛੋਟੋ ਮੋਟੇ ਝਗੜਿਆਂ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ । ਕੇਵਲ ਇਕ ਨੋਟਿਸ ਦੇ ਕੇ ਵਿਦਿਆਰਥੀਆਂ ਨੂੰ ਵੀਜੇ ਰੱਦ ਕਰਨ ਦੀ ਸੂਚਨਾ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਦੇਸ਼ ਛੱਡ ਜਾਣ ਨਹੀਂ ਤਾਂ ਜਬਰਨ ਵਾਪਿਸ ਭੇਜ ਦਿੱਤੇ ਜਾਣਗੇ।
ਅਮੈਰੀਕਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸੀਏਸ਼ਨ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਵਿਚ ਜਿਨਾਂ 327 ਕੌਮਾਂਤਰੀ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਗਏ ਹਨ ਉਨਾਂ ਵਿਚ ਅੱਧੇ ਭਾਰਤੀ ਹਨ। ਰਿਪੋਰਟ ਜਿਸ ਦਾ ਸਿਰਲੇਖ ਹੈ ” ਦ ਸਕੋਪ ਆਫ ਇਮੀਗ੍ਰੇਸ਼ਨ ਇਨਫੋਰਸਮੈਂਟ ਐਕਸ਼ਨਜ ਅੰਗੇਂਸਟ ਇੰਟਰਨੈਸ਼ਨਲ ਸਟੂਡੈਂਟਸ” ਅਨੁਸਾਰ ਦੂਸਰੇ ਸਥਾਨ ‘ਤੇ ਚੀਨ ਦੇ ਵਿਦਿਆਰਥੀਆਂ ਹਨ। 327 ਵਿਦਿਆਰਥੀਆਂ ਵਿਚ 14% ਚੀਨੀ ਹਨ। ਇਸ ਤੋਂ ਬਾਅਦ ਦੱਖਣੀ ਕੋਰੀਆ, ਨੇਪਾਲ ਤੇ ਬੰਗਲਾਦੇਸ਼ ਦਾ ਸਥਾਨ ਹੈ। ਆਪਸ਼ਨਲ ਪ੍ਰੈਕਟੀਕਲ ਟਰੇਨਿੰਗ (ਓ ਪੀ ਟੀ) ਕਰ ਰਹੇ ਵਿਦਿਆਰਥੀ ਸਭ ਤੋਂ ਵਧ ਪ੍ਰਭਾਵਿਤ ਹੋਏ ਹਨ। ਓ ਪੀ ਟੀ ਇਕ ਪ੍ਰੋਗਰਾਮ ਹੈ ਜਿਸ ਤਹਿਤ ਐਫ-1 ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਇਕ ਸਾਲ ਲਈ ਅਮਰੀਕਾ ਵਿਚ ਕੰਮ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ। ਜਿਨਾਂ ਵਿਦਿਆਰਥੀਆਂ ਦੇ ਵੀਜੇ ਰੱਦ ਕੀਤੇ ਗਏ ਹਨ ਉਨਾਂ ਵਿਚੋਂ 50% ਓ ਪੀ ਟੀ ਵਿਚ ਹਿੱਸਾ ਲੈ ਰਹੇ ਸਨ।
ਟੈਕਸਾਸ, ਕੈਲੀਫੋਰਨੀਆ, ਨਿਊ ਯਾਰਕ, ਮਿਸ਼ੀਗਨ ਤੇ ਐਰੀਜ਼ੋਨਾ ਵਿਚ ਪੜ ਰਹੇ ਵਿਦਿਆਰਥੀਆਂ ਉਪਰ ਸਭ ਤੋਂ ਵਧ ਅਸਰ ਪੈ ਰਿਹਾ ਹੈ। ਪਿਛਲੇ 4 ਮਹੀਨਿਆਂ ਦੌਰਾਨ ਯੂ ਐਸ ਸਟੇਟ ਡਿਪਾਰਟਮੈਂਟ ਐਂਡ ਇਮੀਗ੍ਰੇਸ਼ਨ ਐਂਡ ਕਸਮਟਜ ਇਨਫੋਰਸਮੈਂਟ (ਆਈ ਸੀ ਈ) ਨੇ ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਛਾਣਬੀਣ ਦੇ ਕੰਮ ਵਿਚ ਤੇਜੀ ਲਿਆਂਦੀ ਹੈ। ਨਾ ਕੇਵਲ ਉਨਾਂ ਦੇ ਵੀਜਿਆਂ ਦੀ ਜਾਂਚ ਪੜਤਾਲ ਹੋ ਰਹੀ ਹੈ ਬਲ ਕਿ ਉਨਾਂ ਦੀਆਂ ਸਰਗਰਮੀਆਂ ਵੀ ਜਾਂਚ ਦੇ ਘੇਰੇ ਵਿਚ ਹਨ।
ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਕੰਮ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾਅ ਪੇਚ ਵਰਤੇ ਜਾ ਰਹੇ ਹਨ ਜਿਸ ਕਾਰਨ ਅਣਉਚਿੱਤ ਢੰਗ ਨਾਲ ਵਿਦਿਆਰਥੀਆਂ ਵਿਰੁੱਧ ਕਾਰਵਾਈ ਦੀ ਸੰਭਾਵਨਾ ਵਧ ਗਈ ਹੈ। ਜਿਨਾਂ ਵਿਦਿਆਰਥੀਆਂ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਹੈ ਤੇ ਨਾ ਹੀ ਉਹ ਕਿਸੇ ਪ੍ਰਦਰਸ਼ਨ ਵਿਚ ਸ਼ਾਮਿਲ ਹੋਏ ਹਨ, ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇਸ ਸਮੇ ਭਾਰਤੀ ਵਿਦਿਆਰਥੀ ਪ੍ਰੇਸ਼ਾਨੀ ਦੀ ਹਾਲਤ ਵਿਚ ਹਨ ਤੇ ਉਹ ਭਾਰਤ ਸਰਕਾਰ ਵੱਲ ਵੇਖ ਰਹੇ ਹਨ। ਵਿਦਿਆਰਥੀਆਂ ਨੂੰ ਆਸ ਹੈ ਕਿ ਭਾਰਤ ਸਰਕਾਰ ਉਨਾਂ ਦੀ ਮੱਦਦ ‘ਤੇ ਆਵੇਗੀ ਤੇ ਬਿਨਾਂ ਵਜਾ ਉਨਾਂ ਨੂੰ ਵੀਜੇ ਰੱਦ ਕਰਨ ਦੀ ਲਟਕ ਰਹੀ ਤਲਵਾਰ ਤੋਂ ਰਾਹਤ ਮਿਲੇਗੀ।