ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, 18 ਮਈ, 2025
ਅਮਰੀਕਾ ਦੇ ਲੋਇਸਿਆਨਾ ਰਾਜ ਦੀ ਨਿਊ ਓਰਲੀਨਜ ਜੇਲ ਵਿਚੋਂ ਟਾਇਲਟ ਪਿੱਛਲੀ ਕੰਧ ਤੋੜ ਕੇ 10 ਕੈਦੀਆਂ ਦੇ ਫਰਾਰ ਹੋ ਜਾਣ ਦੀ ਖਬਰ ਹੈ। ਸਥਾਨਕ ਸ਼ੈਰਿਫ ਨੇ ਜਾਰੀ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਫਰਾਰ ਹੋਏ ਕੈਦੀਆਂ ਵਿਚ ਹੱਤਿਆ ਦੇ ਮਾਮਲਿਆਂ ਵਿਚ ਗ੍ਰਿਫਤਾਰ ਸ਼ੱਕੀ ਦੋਸ਼ੀ ਵੀ ਸ਼ਾਮਿਲ ਹਨ। ਓਰਲੀਨਜ ਪੈਰਿਸ਼ ਸ਼ੈਰਿਫ ਸੁਸਾਨ ਹਟਸਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨਾਂ ਨੂੰ ਅਜਿਹੇ ਸੰਕੇਤ ਮਿਲੇ ਹਨ ਜਿਨਾਂ ਤੋਂ ਪਤਾ ਲੱਗਦਾ ਹੈ ਕਿ ਜੇਲ ਵਿਚ ਉਨਾਂ ਦੇ ਵਿਭਾਗ ਦੇ ਹੀ ਕੁਝ ਲੋਕਾਂ ਨੇ ਕੈਦੀਆਂ ਦੇ ਬਚ ਕੇ ਨਿਕਲ ਜਾਣ ਵਿਚ ਮੱਦਦ ਕੀਤੀ ਹੈ ਕਿਉਂਕਿ ਬਿਨਾਂ ਮੱਦਦ ਤੋਂ ਇਸ ਜੇਲ ਵਿਚੋਂ ਫਰਾਰ ਹੋਣਾ ਅਸੰਭਵ ਹੈ। ਉਨਾਂ ਕਿਹਾ ਕਿ ਇਕ ਕੈਦੀ ਨੂੰ ਕਾਬੂ ਕਰ ਲਿਆ ਗਿਆ ਹੈ ਜਦ ਕਿ ਬਾਕੀ ਕੈਦੀਆਂ ਦਾ ਕੋਈ ਥਹੁ ਪਤਾ ਨਹੀਂ ਹੈ।
ਹਟਸਨ ਅਨੁਸਾਰ ਅੱਧੀ ਰਾਤ ਬਾਅਦ ਇਕ ਵਜੇ ਓਰਲੀਨਜ ਜਸਟਿਸ ਸੈਂਟਰ ਦੀ ਕੰਧ ਤੋੜਨ ਉਪਰੰਤ ਕੈਦੀ ਉਸ ਦਰਵਾਜੇ ਵਿਚਦੀ ਫਰਾਰ ਹੋਏ ਜੋ ਦਰਵਾਜਾ ਆਮ ਤੌਰ ‘ਤੇ ਸਮਾਨ ਅੰਦਰ ਲਿਆਉਣ ਲਈ ਵਰਤਿਆ ਜਾਂਦਾ ਹੈ। ਸ਼ੈਰਿਫ ਅਨੁਸਾਰ ਕੈਦੀਆਂ ਦੇ ਦੌੜ ਜਾਣ ਦਾ ਪਤਾ ਸਵੇਰੇ 8.30 ਵਜੇ ਉਸ ਸਮੇ ਪਤਾ ਲੱਗਾ ਜਦੋਂ ਆਮ ਵਾਂਗ ਕੈਦੀਆਂ ਦੀ ਗਿਣਤੀ ਕੀਤੀ ਗਈ।
ਹਟਸਨ ਨੇ ਕਿਹਾ ਕਿ ਕੈਦੀਆਂ ਦੇ ਸੈੱਲ ਦੇ ਜਿੰਦਰੇ ਖਰਾਬ ਹੋਣ ਕਾਰਨ ਵੀ ਕੈਦੀ ਅਸਾਨੀ ਨਾਲ ਬਚ ਨਿਕਲੇ। ਫਰਾਰ ਹੋਏ ਕੈਦੀਆਂ ਵਿਚ ਕੋਰੀ ਬਾਇਡ, ਡਕੇਨਨ ਡੈਨਿਸ, ਜਰਮਾਈਨ ਡੋਨਾਲਡ, ਡੈਰਿਕ ਗਰੋਵਸ, ਐਨਟੋਨੀ ਮੈਸੀ, ਰਾਬਰਟ ਮੂਡੀ, ਕੈਨਡੈਲ ਮਾਇਰਸ, ਗੈਰੀ ਪ੍ਰਾਈਸ, ਲੀਓ ਟੇਟ ਤੇ ਲੈਨਟਨ ਵੈਨਬੁਰੇਨ ਸ਼ਾਮਿਲ ਹਨ।
ਉਨਾਂ ਕਿਹਾ ਕਿ ਕੈਨਡੈਲ ਮਾਇਰਸ ਨਾਮੀ ਕੈਦੀ ਨੂੰ ਇਕ ਹੋਟਲ ਪਾਰਕਿੰਗ ਵਿਚੋਂ ਕਾਬੂ ਕਰ ਲਿਆ ਗਿਆ ਹੈ ਜਿਥੇ ਉਹ ਇਕ ਕਾਰ ਹੇਠਾਂ ਲੁੱਕਿਆ ਹੋਇਆ ਸੀ। ਉਨਾਂ ਦੱਸਿਆ ਕਿ ਮਾਇਰਸ ਨੇ ਦੌੜਨ ਦੀ ਕੋਸ਼ਿਸ਼ ਕੀਤੀ ਪਰੰਤੂ ਬਾਅਦ ਵਿਚ ਛੇਤੀ ਹੀ ਉਸ ਨੇ ਆਤਮ ਸਮਰਪਣ ਕਰ ਦਿੱਤਾ। ਹਟਸਨ ਅਨੁਸਾਰ ਪੁਲਿਸ ਬਾਕੀ ਕੈਦੀਆਂ ਨੂੰ ਕਾਬੂ ਕਰਨ ਲਈ ਯਤਨਸ਼ੀਲ ਹੈ ਤੇ ਕੈਦੀਆਂ ਦੇ ਬਚ ਕੇ ਨਿਕਲ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।