ਯੈੱਸ ਪੰਜਾਬ
ਚੰਡੀਗੜ, 13 ਅਪ੍ਰੈਲ, 2025
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਮਨੋਨੀਤ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ, ਆਪਣੀਆਂ ਗਲਤੀਆਂ ਗੁਨਾਹਾਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਸਾਹਮਣੇ ਪੇਸ਼ ਹੋਈ ਲੀਡਰਸ਼ਿਪ ਨੇ ਦੋ ਦਸੰਬਰ ਦੇ ਹੁਕਮਨਾਮੇ ਦੀ ਮੂਲ ਭਾਵਨਾ ਦੀ ਘੋਰ ਉਲੰਘਣਾ ਕਰਕੇ ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਚੋਂ ਇੱਕ ਧੜੇ ਨੇ ਬੋਗਸ ਭਰਤੀ ਜਰੀਏ ਆਪਣੇ ਧੜੇ ਦਾ ਪ੍ਰਧਾਨ ਚੁਣਿਆ ਹੈ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਜੋਰ ਦੇਕੇ ਕਿਹਾ ਕਿ ਅੱਜ ਇੱਕ ਧੜੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਪਿੱਠ ਕਰਕੇ ਆਪਣੀ ਬੋਗਸ ਭਰਤੀ ਜਰੀਏ ਆਪਣਾ ਪ੍ਰਧਾਨ ਚੁਣਿਆ ਹੈ, ਜਿਸ ਨੂੰ ਪੰਥ ਅਤੇ ਕੌਮ ਪ੍ਰਵਾਨ ਨਹੀ ਕਰੇਗੀ। ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਅਤੇ ਭਾਵਨਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੀ ਹੈ, ਇਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਕੇ ਅਤੇ ਉਥੋਂ ਜਾਰੀ ਹੁਕਮਨਾਮਿਆਂ ਦੀ ਉਲੰਘਣਾ ਕਰਕੇ ਕਦੇ ਪੰਥਕ ਜਮਾਤ ਨੂੰ ਮਜ਼ਬੂਤ ਨਹੀਂ ਕੀਤਾ ਜਾ ਸਕਦਾ।
ਇਸ ਦੇ ਨਾਲ ਹੀ ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਪਿਛਲੀਆਂ ਚਾਰ ਵੱਡੀਆਂ ਚੋਣਾਂ ਵਿੱਚ ਸੰਗਤ ਵੱਲੋਂ ਅੱਜ ਇੱਕ ਧੜੇ ਵਲੋ ਬੋਗਸ ਭਰਤੀ ਜਰੀਏ ਚੁਣੇ ਪ੍ਰਧਾਨ ਨੂੰ ਨਕਾਰਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਨਿੱਜ ਪ੍ਰਸਤ ਅਤੇ ਸਿਆਸੀ ਲਾਲਸਾ ਕਰਕੇ ਸਿਧਾਂਤਾ ਦਾ ਮਲੀਆਮੇਟ ਕਰਨ ਵਾਲੇ ਲੋਕ ਸੰਗਤ ਵਿੱਚ ਨਫ਼ਰਤ ਦਾ ਪਾਤਰ ਬਣ ਚੁੱਕੇ ਹਨ।
ਭਰਤੀ ਕਮੇਟੀ ਮੈਬਰਾਂ ਨੇ ਓਹਨਾ ਲੋਕਾਂ ਨੂੰ ਜਵਾਬ ਦਿੱਤਾ ਜਿਹੜੇ ਲੋਕ ਵਾਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਣੀ ਭਰਤੀ ਕਮੇਟੀ ਤੇ ਸਵਾਲ ਚੁੱਕਦੇ ਹਨ। ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੱਤ ਮੈਂਬਰੀ ਭਰਤੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਵਿੱਚੋ ਦੋ ਮੈਬਰਾਂ ਨੇ ਅੱਜ ਪ੍ਰਧਾਨ ਚੁਣਨ ਵਾਲੇ ਧੜੇ ਦੇ ਦਬਾਅ ਹੇਠ ਅਸਤੀਫ਼ੇ ਦੇ ਦਿੱਤੇ ਤਾਂ ਜੋ ਸਿਆਸੀ ਅਗਵਾਈ ਦਾ ਨੈਤਿਕ ਅਧਾਰ ਗੁਆ ਚੁੱਕੀ ਲੀਡਰਸ਼ਿਪ ਦੇ ਸਿਆਸੀ ਸਵਾਰਥ ਪੂਰੇ ਹੋ ਸਕਣ ਅਤੇ ਭਰਤੀ ਕਮੇਟੀ ਦੇ ਕੰਮ ਵਿੱਚ ਰੁਕਾਵਟ ਖੜੀ ਕੀਤੀ ਜਾ ਸਕੇ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਜੀ ਮੁੜ ਹਦਾਇਤ ਅਤੇ ਹੁਕਮਾਂ ਉਪਰੰਤ ਪੰਜ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਇਲਾਹੀ ਮੰਨਦੇ ਹੋਏ 18 ਮਾਰਚ ਨੂੰ ਭਰਤੀ ਦਾ ਕਾਰਜ ਸ਼ੁਰੂ ਕੀਤਾ ।
ਪੰਜ ਮੈਂਬਰੀ ਭਰਤੀ ਕਮੇਟੀ ਨੇ ਸਮੀਖਿਆ ਤੋਂ ਬਾਅਦ ਕਿਹਾ ਕਿ ਭਰਤੀ ਪਾਰਦਰਸ਼ਤਾ ਨਾਲ ਜਾਰੀ ਹੈ, ਜਿਸ ਨੂੰ ਪੂਰੇ ਪੰਜਾਬ ਭਰ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਭਾਈਚਾਰੇ ਤੋਂ ਬਹੁਤ ਵੱਡਾ ਸਹਿਯੋਗ ਅਤੇ ਸਮਰਥਨ ਮਿਲ ਰਿਹਾ ਹੈ। ਇਸ ਸਹਿਯੋਗ ਅਤੇ ਸਮਰਥਨ ਦੀ ਬਦੌਲਤ 10 ਅਪ੍ਰੈਲ ਦੀ ਸ਼ਾਮ ਤੱਕ 15 ਲੱਖ 64 ਹਜ਼ਾਰ ਮੈਬਰਸ਼ਿਪ ਸਲਿੱਪ ਜਾਰੀ ਹੋ ਚੁੱਕੀਆਂ ਹਨ, ਆਉਣ ਵਾਲੇ ਦਿਨਾਂ ਵਿੱਚ ਹਰ ਪੰਜਾਬੀ ਤੱਕ ਪਹੁੰਚ ਕਰਕੇ ਭਰਤੀ ਪ੍ਰਕਿਰਿਆ ਵਿੱਚ ਤੇਜੀ ਲਿਆਂਦੀ ਜਾਵੇਗੀ।
ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਪੂਰਨ ਵਿਸ਼ਵਾਸ ਨਾਲ ਕਿਹਾ ਕਿ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੇ ਇੰਨ ਬਿੰਨ ਪਹਿਰਾ ਦੇਕੇ ਵਿਧੀ ਵਿਧਾਨ ਮੁਤਾਬਿਕ ਡੈਲੀਗੇਟ ਬਣਾਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਪ੍ਰਵਾਨਿਤ ਲੀਡਰਸ਼ਿਪ ਦਿੱਤੀ ਜਾਵੇਗੀ ਤਾਂ ਜੋ ਪੰਜਾਬ ਦੀ ਮਾਂ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਨੂੰ ਪੁਨਰ ਸੁਰਜੀਤ ਕਰਦੇ ਹੋਏ ਸੂਬੇ ਦੇ ਹਿੱਤਾਂ ਅਤੇ ਮੁੱਦਿਆਂ ਦੀ ਰਾਖੀ ਕੀਤੀ ਜਾ ਸਕੇ।