ਯੈੱਸ ਪੰਜਾਬ
17 ਫਰਵਰੀ, 2025
ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ Harjinder Singh Dhami ਵੱਲੋਂ ਗਿ: Harpreet Singh ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ ਕਰਵਾਉਣ ਨੂੰ ਲੈ ਕੇ ਅਤੇ ਸੱਤ ਮੈਂਬਰੀ ਅਕਾਲੀ ਦਲ ਭਰਤੀ ਚੋਣ ਕਮੇਟੀ ਦੀ ਲਾਚਾਰੀ ਕਰਕੇ ਆਤਮਾ ਉੱਤੇ ਪਏ ਭਾਰੇ ਬੋਝ ਦੇ ਚੱਲਦਿਆਂ ਸਤ ਮੈਂਬਰੀ ਕਮੇਟੀ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਅਸਤੀਫ਼ਾ ਬਹੁਤ ਮੰਦਭਾਗਾ ਹੈ। ਇਸ ਤੋਂ ਸਿੱਧਾ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਬਾਦਲ ਤੇ ਸੁਖਬੀਰ ਸਿੰਘ ਦਾ ਉਨ੍ਹਾਂ ਉੱਪਰ ਕਿੰਨਾ ਦਬਾਅ ਸੀ ਤੇ ਹੋਵੇਗਾ।
ਪ੍ਰਧਾਨ ਸਾਹਿਬ ਇਮਾਨਦਾਰ, ਮਿਹਨਤੀ, ਸਿਧਾਂਤ ਜਾਣਕਾਰ, ਨਿਤਨੇਮੀ ਤੇ ਇੱਕ ਚੰਗੀ ਪੰਥਕ ਸ਼ਖ਼ਸੀਅਤ ਹਨ। ਚੰਗਾ ਹੁੰਦਾ ਹੁੰਦਾ ਉਹ ਇਸ ਦਬਾਅ ਵਿਰੁੱਧ ਡੱਟਦੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਖਲੋਂਦੇ। ਇਸ ਸਮੇ ਪੰਥ ਉੱਤੇ ਪਏ ਸੰਕਟ ਦਾ ਡੱਟ ਕੇ ਸਾਹਮਣਾ ਕਰਦੇ। ਹਾਂ ਉਹਨਾਂ ਨੇ ਆਪਣੀ ਆਤਮਾ ਦਾ ਬੋਝ ਤਾਂ ਹਲਕਾ ਕਰ ਲਿਆ ਹੋਵੇਗਾ ਪਰ ਪੰਥਕ ਸੰਸਥਾਵਾਂ ਦਾ ਜੋ ਨੁਕਸਾਨ ਹੋ ਰਿਹਾ ਤੇ ਕੀਤਾ ਜਾ ਰਿਹਾ ਹੈ ਉਸ ਦੀ ਢਾਲ ਬਣਨਾ ਵੀ ਜਰੂਰੀ ਸੀ।
ਇਸ ਸਮੇਂ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਹੈ ਕਿ ਉਹ 2 ਦਸੰਬਰ ਦੇ ਹੋਏ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਅਸਤੀਫ਼ਾ ਪ੍ਰਵਾਨ ਨਾ ਕਰਨ।
ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਉੱਤੇ ਬਣੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਮੰਗਵਾ ਕੇ ਸਪੱਸ਼ਟੀਕਰਨ ਲੈਣ ਜਿਨ੍ਹਾਂ ਨੇ ਬਿਨਾਂ ਸਿਰ ਪੈਰ ਰਿਪੋਰਟ ਦੇ ਕੇ ਪੰਥਕ ਸੰਸਥਾਵਾਂ ਲਈ ਵੱਡਾ ਸੰਕਟ ਪੈਦਾ ਕੀਤਾ ਤੇ ਪੰਥਕ ਸੰਸਥਾਵਾਂ ਨੂੰ ਇੱਕ ਵਿਅਕਤੀ ਵਿਸ਼ੇਸ ਲਈ ਦਾਅ ‘ਤੇ ਲਾਇਆ ਹੈ। ਸੱਤ ਮੈਂਬਰੀ ਕਮੇਟੀ ਨੂੰ ਵੀ ਵੱਡੇ ਦਮ ਨਾਲ ਕੰਮ ਕਰਨ ਲਈ ਕਹਿਣਾ ਚਾਹੀਦਾ ਹੈ। ਜਿਸ ਨਾਲ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੇ ਅਕਾਲੀ ਦਲ ਨੂੰ ਪੁਨਰ – ਸੁਰਜੀਤ ਕੀਤਾ ਜਾ ਸਕੇ।
ਇਹ ਬਿਆਨ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕੋਰ ਕਮੇਟੀ ਪਰਮਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਅਮਰਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ,
ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ,ਸੁਲੋਚਨਬੀਰ ਸਿੰਘ ਗਿਆਨ ਪਰਗਾਸੁ ਟਰੱਸਟ, ਜਸਬੀਰ ਸਿੰਘ ਸੁਖਮਨੀ ਸਾਹਿਬ ਸੁਸਾਇਟੀ ਪੰਜਾਬ ਤੋਂ ਇਲਾਵਾ ਅਰਵਿੰਦਰ ਸਿੰਘ ਗੁਰਸਿੱਖ ਫੈਮਿਲੀ ਕਲੱਬ, ਅੰਮ੍ਰਿਤ ਪਾਲ ਸਿੰਘ ਯੂਨਾਈਟਿਡ ਸਿੱਖ ਅਤੇ ਸਰਬਜੀਤ ਸਿੰਘ ਲੰਗਰ ਚਲੈ ਗੁਰ ਸ਼ਬਦ ਵਲੋਂ ਜਾਰੀ ਕੀਤਾ ਗਿਆ।ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਤੀਫ਼ਾ ਬੇਵਕਤਾ