ਯੈੱਸ ਪੰਜਾਬ
ਅੰਮ੍ਰਿਤਸਰ, 23 ਜਨਵਰੀ, 2025:
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਇੱਕ ਅਹਿਮ ਮੀਟਿੰਗ ਮੰਗਲਵਾਰ 28 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੱਦੀ ਹੈ।
ਇਹ ਮੀਟਿੰਗ ਮੰਗਲਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਦੱਸਆ ਗਿਆ ਹੈ ਕਿ ਇਸ ਇਕੱਤਰਤਾ ਵਿੱਚ ਅਹਿਮ ਪੰਥਕ ਮਸਲਿਆਂ ਨੂੰ ਵਿਚਾਰਿਆ ਜਾਵੇਗਾ।
ਜ਼ਿਕਰਯੋਗ ਹੈ ਕਿ 2 ਦਸੰਬਰ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਦੇ ਫ਼ੈਸਲਿਆਂ ਨੂੰ ਮੁਕੰਮਲ ਤੌਰ ’ਤੇ ਲਾਗੂ ਕੀਤੇ ਜਾਣ ਬਾਰੇ ਵਿਵਾਦ ਲਗਾਤਾਰ ਬਣਿਆ ਹੋਇਆ ਹੈ ਅਤੇ ਇਹ ਦੋਸ਼ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜ ਸਿੰਘ ਸਾਹਿਬਾਨ ਦੇ 2 ਦਸੰਬਰ ਦੇ ਉਸ ਫ਼ੈਸਲੇ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਹੈ ਜਿਸ ਵਿੱਚ ਪਾਰਟੀ ਦੀ ਭਰਤੀ ਲਈ ਇੱਕ 7 ਮੈਂਬਰੀ ਕਮੇਟੀ ਦਾ ਗਠਨ ਖ਼ੁਦ ਅਕਾਲ ਤਖ਼ਤ ਵੱਲੋਂ ਕੀਤਾ ਗਿਆ ਸੀ।
ਇਸ ਮੀਟਿੰਗ ਦੌਰਾਨ ਵੇਖ਼ਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ‘ਸੇਵਾ ਤੋਂ ਲਾਂਭੇ’ ਚੱਲ ਰਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਹਨ ਜਾਂ ਨਹੀਂ।
ਪਤਾ ਲੱਗਾ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਇਸ ਮੀਟਿੰਗ ਲਈ ਆਪਣਾ ਅਸਟਰੇਲੀਆ ਦੌਰਾ ਰੱਦ ਕਰਦਿਆਂ ਇਹ ਇਕੱਤਰਤਾ ਸੱਦੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖ਼ਤ ਸਾਹਿਬ ਦੀ ਬਣਾਈ 7 ਮੈਂਬਰੀ ਕਮੇਟੀ ਦੇ ਫ਼ੈਸਲੇ ਤੋਂ ਬਾਹਰ ਜਾਂਦਿਆਂ ਆਪਣੀ ਭਰਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੋਈ ਹੈ ਅਤੇ ‘ਸੁਧਾਰ ਲਹਿਰ’ ਭੰਗ ਕਰ ਚੁੱੱਕਾ ਅਕਾਲੀ ਦਲ ਦਾ ਬਾਗੀ ਧੜਾ ਇਸ ਉੱਤੇ ਲਗਾਤਾਰ ਸਵਾਲ ਉਠਾਉਂਦਾ ਆ ਰਿਹਾ ਹੈ। ਸਥਿਤੀ ਇਸ ਲਈ ਵੀ ਗੰਭੀਰ ਬਣ ਰਹੀ ਹੈ ਕਿਉਂਕਿ ਭਾਵੇਂ ਮੱਧਮ ਸੁਰ ਵਿੱਚ ਹੀ ਸਹੀ ਪਰ ਬਾਗੀ ਧੜਾ ਇਸ ਮਾਮਲੇ ’ਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਚੁੱਪ ’ਤੇ ਵੀ ਸਵਾਲ ਉਠਾਉਣ ਲੱਗਾ ਹੈ ਹਾਲਾਂਕਿ ਗਿਆਨੀ ਰਘਬੀਰ ਸਿੰਘ ਸਪਸ਼ਟ ਕਰ ਚੁੱਕੇ ਹਨ ਕਿ 2 ਦਸੰਬਰ ਦੇ ਅਕਾਲ ਤਖ਼ਤ ਦੇ ਫ਼ੈਸਲੇ ਇੰਨ ਬਿੰਨ ਲਾਗੂ ਕਰਵਾਏ ਜਾਣਗੇ ਅਤੇ 7 ਮੈਂਬਰੀ ਕਮੇਟੀ ਬਾਰੇ ਤਖ਼ਤ ਸਾਹਿਬ ਦਾ ਫ਼ੈਸਲਾ ਉਵੇਂ ਦਾ ਉਵੇਂ ਹੀ ਕਾਇਮ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦੀ ਮਾਘੀ ਕਾਨਫਰੰਸ ਮੌਕੇ ਇੱਕ ਮਤਾ ਪਾਸ ਕਰਕੇ ਅਕਾਲ ਤਖ਼ਤ ਸਾਹਿਬ ਤੋਂ ਇਹ ਮੰਗ ਕੀਤੀ ਗਈ ਸੀ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖ਼ਰ-ਏ-ਕੌਮ ਦਾ ਰੁਤਬਾ ਵਾਪਸ ਲੈਣ ਬਾਰੇ ਫ਼ੈਸਲਾ ਮੁੜ ਵਿਚਾਰਿਆ ਜਾਵੇ। ਵੇਖ਼ਣਾ ਹੋਵੇਗਾ ਕਿ ਪੰਜ ਸਿੰਘ ਸਾਹਿਬਾਨ ਦਾ ਅਕਾਲੀ ਦਲ ਦੇ ਇਸ ਮਤੇ ਬਾਰੇ ਕੀ ਫ਼ੈਸਲਾ ਰਹਿੰਦਾ ਹੈ।