- Advertisement -
ਸਾਰੇ ਮੁਲਕ ਵਿੱਚ ਜਿੱਦਾਂ ਪਈ ਚੋਣ ਹੁੰਦੀ,
ਥਾਂਉਂ-ਥਾਂ ਟੱਕਰ ਹੈ ਜਾਪਦੀ ਸਖਤ ਬੇਲੀ।
ਕਿਧਰੇ ਹੱਸਦਿਆਂ ਗੁਜ਼ਰਦਾ ਵਕਤ ਬੇਲੀ,
ਕਿਤੇ ਵਕਤ ਨੇ ਪਾਇਆ ਹੈ ਵਖਤ ਬੇਲੀ।
ਦੌੜਦਾ ਦਿੱਸੇ ਸਰਪੱਟ ਪਿਆ ਹਰ ਲੀਡਰ,
ਹਾਲਾਤ ਹੁੰਦੇ ਨਾ ਲੇਖਕ ਤੋਂ ਲਖਤ ਬੇਲੀ।
ਚਾਹੁੰਦਾ ਕਸਰ ਨਹੀਂ ਛੱਡਣੀ ਕੋਈ ਆਗੂ,
ਲੱਗਿਆ ਦਾਅ `ਤੇ ਦੇਸ਼ ਦਾ ਤਖਤ ਬੇਲੀ।
ਜਿਹੜਾ ਜਿੱਤਿਆ, ਕਰੂ ਪਿਆ ਐਸ਼ ਬੇਲੀ,
ਦੂਸਰਾ ਰੋਂਦਾ ਜਿਹਾ ਵਕਤ ਲੰਘਾਊ ਬੇਲੀ।
ਅਗਲੀ ਚੋਣ ਦਾ ਕਿੰਨਾ ਹੈ ਵਕਤ ਰਹਿੰਦਾ,
ਮੁੜ-ਮੁੜ ਉੱਠ ਕੇ ਔਂਸੀਆਂ ਪਾਊ ਬੇਲੀ।
-ਤੀਸ ਮਾਰ ਖਾਂ
25 ਮਈ, 2024
- Advertisement -