- Advertisement -
ਚੋਣ-ਪ੍ਰਚਾਰ ਲਈ ਤਿੰਨ ਬੱਸ ਦਿਨ ਬਾਕੀ,
ਸਭਨਾਂ ਧਿਰਾਂ ਦਾ ਲੱਗਾ ਪਿਆ ਜ਼ੋਰ ਬੇਲੀ।
ਰੈਲੀਆਂ-ਜਲਸਿਆਂ ਦੀ ਲੱਗੀ ਲੜੀ ਜਾਵੇ,
ਹਰ ਥਾਂ ਪੈਂਦਾ ਸਿਆਸੀ ਜਿਹਾ ਸ਼ੋਰ ਬੇਲੀ।
ਪੁਤਲੇ ਬਣ ਕੇ ਈਮਾਨ ਦੇ ਆਉਣ ਮੂਹਰੇ,
ਨਸਲ ਡਾਕੂਆਂ ਦੀ ਜਾਂ ਜਿਹੜੇ ਚੋਰ ਬੇਲੀ।
ਸੁਣਨੇ ਪੈਂਦੇ ਈ ਪਹਿਲੇ ਸਭ ਸੁਣੇ ਭਾਸ਼ਣ,
ਸੁਣ-ਸੁਣ ਹੁੰਦੇ ਪਏ ਲੋਕ ਆ ਬੋਰ ਬੇਲੀ।
ਪਹਿਲੀ ਜੂਨ ਲਈ ਕਰਨ ਉਡੀਕ ਵੋਟਰ,
ਘੜੀ ਲੇਖੇ ਦੀ ਜਿਹੜੇ ਦਿਨ ਆਊ ਬੇਲੀ।
ਜਾਊ ਵੋਟਿੰਗ ਮਸ਼ੀਨਾਂ ਤੱਕ ਆਪ ਵੋਟਰ,
ਚੁਣ ਕੇ ਮਰਜ਼ੀ ਦਾ ਬਟਨ ਦਬਾਊ ਬੇਲੀ।
-ਤੀਸ ਮਾਰ ਖਾਂ
27 ਮਈ, 2024
- Advertisement -