ਚਰਚਾ ਵਿੱਚ ਆ ਦਿੱਲੀ ਦਾ ਏਅਰਪੋਰਟ,
ਹਾਲਤ ਪ੍ਰਬੰਧਾਂ ਦੀ ਜਿੱਥੇ ਈ ਬੁਰੀ ਬੇਲੀ।
ਸਾਰੇ ਭਾਰਤ ਦੀ ਏਥੋਂ ਈ ਤਾਰ ਹਿੱਲਦੀ,
ਹਵਾਈ ਸੇਵਾ ਦੀ ਅਸਲ ਜੋ ਧੁਰੀ ਬੇਲੀ।
ਖਬਰ ਪਹਿਲੀ ਨਹੀਂ ਪੂਰੀ ਹੈ ਪੜ੍ਹੀ ਹੁੰਦੀ,
ਆਵੇ ਓਦੋਂ ਵੀ ਚੜ੍ਹਦੀ ਫਿਰ ਤੁਰੀ ਬੇਲੀ।
ਫਿਕਰ ਭੋਰਾ ਸਰਕਾਰ ਨੂੰ ਜਾਪਦਾ ਨਹੀਂ,
ਜਾਂਦੀ ਸਾਖ ਜਦ ਭਾਰਤ ਦੀ ਖੁਰੀ ਬੇਲੀ।
ਹੁੰਦੇ ਦੁਖੀ ਪਸੰਜਰ ਜਿਉਂ ਨਿੱਤ ਰਹਿੰਦੇ,
ਦੁਨੀਆ ਵਿੱਚ ਕੀ ਪੈਂਦੜਾ ਅਸਰ ਬੇਲੀ।
ਹੋਵੇ ਸਰਕਾਰ ਤਾਂ ਮੁੱਦੇ ਸਭ ਸਾਂਭ ਲਾਂਭੇ,
ਕੱਢੇ ਸਰਵਿਸ ਜ਼ਰੂਰੀ ਦੀ ਕਸਰ ਬੇਲੀ।
-ਤੀਸ ਮਾਰ ਖਾਂ
18 ਜੂਨ, 2024