ਪਾਣੀ ਸੰਕਟ ਵਿੱਚ ਬੁਰੀ ਆ ਫਸੀ ਦਿੱਲੀ,
ਮਿਲੇ ਨਿਕਲਣ ਦਾ ਕੋਈ ਨਾ ਰਾਹ ਮੀਆਂ।
ਆਂਢ-ਗਵਾਂਢ ਸਭ ਵੇਖਿਆ ਮਾਰ ਤਰਲਾ,
ਸੁਣੇ ਸ਼ਹਿਰ ਦੀ ਕੋਈ ਨਹੀਂ ਧਾਹ ਮੀਆਂ।
ਮੁਖੀਆ ਦਿੱਲੀ ਦਾ ਬੈਠਾ ਹੈ ਜੇਲ੍ਹ ਅੰਦਰ,
ਲੱਭਿਆ ਕੋਈ ਨਹੀਂ ਖੈਰ-ਖਵਾਹ ਮੀਆਂ।
ਨਹਾਉਣ-ਧੋਣ ਨੂੰ ਪਾਣੀ ਤਾਂ ਮਿਲੇ ਕਿੱਥੋਂ,
ਪਿਆਸ ਨਾਲ ਆ ਸੁੱਕ ਰਹੇ ਸਾਹ ਮੀਆਂ।
ਇਹੋ ਜਿਹੇ ਵੇਲੇ ਵੀ ਹੋਵੇ ਪਈ ਰਾਜਨੀਤੀ,
ਚੱਲ ਰਹੇ ਆਪਣੀ ਸਾਰੇ ਹਨ ਚਾਲ ਮੀਆਂ।
ਹਰ ਕੋਈ ਆਪਣਾ ਸੋਚ ਰਿਹਾ ਹਿੱਤ ਜਾਪੇ,
ਹਮਦਰਦੀ ਲੱਭੇ ਨਾ ਲੋਕਾਂ ਦੇ ਨਾਲ ਮੀਆਂ।
-ਤੀਸ ਮਾਰ ਖਾਂ
17 ਜੂਨ, 2024