ਜਿੱਤ ਕ੍ਰਿਕਟ ਦੀ, ਜਸ਼ਨ ਜਦ ਹੋਵਣੇ ਸੀ,
ਪੁੱਜ ਗਈ ਭੀੜ ਸੀ ਲੱਖਾਂ ਦੇ ਤੁੱਲ ਬੇਲੀ।
ਜਿਹੜੀ ਪੁਲਸ ਪ੍ਰਬੰਧਾਂ ਲਈ ਗਈ ਲਾਈ,
ਹੈ ਸੀ ਹਜ਼ਾਰਾਂ ਦੀ ਬੱਸ ਉਹ ਕੁੱਲ ਬੇਲੀ।
ਗਲਤੀ ਕਿਸੇ ਥਾਂ ਰਹੀ ਤਾਂ ਸੀ ਲੋਕ ਡਿੱਗੇ,
ਬੱਸ ਫਿਰ ਪਈ ਹਨੇਰੀ ਇੱਕ ਝੁੱਲ ਬੇਲੀ।
ਕੁਝ ਸੀ ਮਰੇ ਤਾਂ ਹੋਏ ਕਈ ਹੋਰ ਜ਼ਖਮੀ,
ਹੋਏ ਕਈ ਘਰਾਂ ਦੇ ਦੀਵੇ ਈ ਗੁੱਲ ਬੇਲੀ।
ਮੁਆਵਜ਼ਾ ਦੇਣ ਦੇ ਆਉਣ ਐਲਾਨ ਲੱਗੇ,
ਕੇਂਦਰ ਤੇ ਰਾਜ ਦੀ ਲੱਗੀ ਆ ਹੋੜ ਬੇਲੀ।
ਅਸਲ ਮੁੱਦਾ ਐਲਾਨ ਵਿੱਚ ਲੱਭਦਾ ਨਹੀਂ,
ਭਾਜੜਾਂ ਰੋਕਣ ਦੀ ਪਹਿਲੜੀ ਲੋੜ ਬੇਲੀ।
-ਤੀਸ ਮਾਰ ਖਾਂ
6 ਜੂਨ, 2025