ਆਏ ਜਦ ਚੋਣ ਤਾਂ ਝੂਠ ਦੀ ਹੋਏ ਟੱਕਰ,
ਮਾਰਦੇ ਲੀਡਰ ਹਨ ਸਿਰੇ ਦੀ ਗੱਪ ਬੇਲੀ।
ਲਾਰੇ ਲਾਉਣ ਤਾਂ ਪਹੁੰਚਦੇ ਸਿਰੇ ਤੀਕਰ,
ਜਾਂਵਦਾ ਦੂਜੇ ਨੂੰ ਲੀਡਰ ਹਰ ਟੱਪ ਬੇਲੀ।
ਤਾਰੇ ਤੋੜਨ ਫਿਰ ਗੱਲੀਂ ਅਸਮਾਨ ਵਾਲੇ,
ਚਾਨਣ ਚੰਦ ਤੋਂ ਚੁੱਕਣ ਉਹ ਲੱਪ ਬੇਲੀ।
ਕੂੜਾ ਆਪਣੇ ਵਿਹੜੇ ਵਿੱਚ ਪਿਆ ਹੁੰਦਾ,
ਦੇਣਗੇ ਦੋਸ਼ ਫਿਰ ਦੂਜੇ ਸਿਰ ਥੱਪ ਬੇਲੀ।
ਜਿੰਨਾ ਚੜ੍ਹ ਕੇ ਕੋਈ ਸਿਰੇ ਦੀ ਗੱਪ ਮਾਰੇ,
ਲੋਕੀਂ ਆਗੂ ਉਹ ਕਹਿਣ ਹੈ ਖਾਸ ਬੇਲੀ।
ਜਿੱਥੇ ਸੱਤਾ ਲਈ ਏਦਾਂ ਦੇ ਲੜਨ ਲੀਡਰ,
ਕਾਹਦੀ ਰੱਖਣੀ ਕਿਤੋਂ ਕੋਈ ਆਸ ਬੇਲੀ।
-ਤੀਸ ਮਾਰ ਖਾਂ
24 ਜਨਵਰੀ, 2025