ਯੈੱਸ ਪੰਜਾਬ
ਨਵੀਂ ਦਿੱਲੀ, 3 ਮਾਰਚ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਤੇ ਮੁੰਬਈ ਦੀ ਸੰਗਤ ਅਤੇ ਖਾਸ ਤੌਰ ’ਤੇ ਕਿਸਾਨੀ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਜਿਸ ਤਰੀਕੇ ਪੁਲਿਸ ਧੱਕੇਸ਼ਾਹੀ ਕਾਰਣ ਜੇਲ੍ਹਾਂ ਵਿਚ ਬੰਦ ਲੋਕਾਂ ਨੂੰ ਅਦਾਲਤ ਦੇ ਦਖ਼ਲ ਤੋਂ ਛੱਡਣਾ ਪੈ ਰਿਹਾ ਹੈ ਇਹ ਸਾਡੀ ਵੱਡੀ ਜਿੱਤ ਹੈ।
ਸ. ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਅੱਜ 5 ਹੋਰ ਲੋਕਾਂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਜਿਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾ ਵਿਚ ਖੁਸ਼ੀ ਦਾ ਮਾਹੌਲ ਹੈ। ਸ. ਸਿਰਸਾ ਨੇ ਦੱਸਿਆ ਕਿ ਨਵੀਨ, ਰਵੀ, ਆਸ਼ੀਸ਼,ਦੀਪਕ, ਪਰਵੇਜ ਪੰਜੋ ਨੌਜਵਾਨਾਂ ’ਤੇ ਨਾਂਗਲੋਈ ਥਾਣੇ ਵਿਚ ਐਫ਼.ਆਈ.ਆਰ 45 ਦਰਜ ਸੀ ਅਤੇ ਹੁਣ ਇਹ ਪੰਜੋ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ 5 ਹੋਰ ਲੋਕਾਂ ਦੀ ਐਂਟੀਸਪੇਟਰੀ ਬੇਲ ਮੰਜ਼ੂਰ ਹੋਈ ਹੈ ਜਿਹਨਾਂ ਨੂੰ ਨਾਜਾਇਜ਼ ਪਰੇਸ਼ਾਨ ਕੀਤੇ ਜਾਣ ਨਾਲ ਉਨ੍ਹਾਂ ਵਿਚ ਡਰ ਦਾ ਮਾਹੌਲ ਸੀ ਜਦੋਂ ਉਨ੍ਹਾਂ ਨੇ ਦਿੱਲੀ ਕਮੇਟੀ ਨਾਲ ਸੰਪਰਕ ਕੀਤਾ ਤਾਂ ਸਾਡੀ ਲੀਗਲ ਟੀਮ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ।
ਸ. ਸਿਰਸਾ ਨੇ ਦੱਸਿਆ ਕਿ ਮੁੰਬਈ ਵਿਚ ਬਾਲੀਵੂਡ ਅਭਿਨੇਤਾ ਅਜੇ ਦੇਵਗਨ ਨੂੰ ਘੇਰਣ ਵਾਲੇ ਰਾਜਦੀਪ ਸਿੰਘ ਧਾਲੀਵਾਲ ਦੇ ਕੇਸ ਵਿਚ ਵੀ ਕਮੇਟੀ ਵੱਲੋਂ ਫ਼ੌਰਨ ਮੁੰਬਈ ਦੇ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਜਿਸ ਕਾਰਣ ਦੇਰ ਰਾਤ ਉਸ ਨੂੰ ਪੁਲਿਸ ਵੱਲੋਂ ਛੱਡ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨੀ ਅੰਦੋਲਨ ਵਿਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਰੇ ਲੋਕੀ ਜੇਲ੍ਹਾਂ ਤੋਂ ਬਾਹਰ ਨਹੀਂ ਆ ਜਾਂਦੇ ਅਸੀਂ ਚੈਨ ਨਾਲ ਨਹੀਂ ਬੈਠਾਂਗੇ।