ਯੈੱਸ ਪੰਜਾਬ
ਮੋਹਾਲੀ, 22 ਅਗਸਤ, 2024
ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਫਰੰਟ ‘ਤੇ ਲੜਨ ਵਾਲੇ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਨੇ ਔਰਤਾਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਨਿਖਾਰਨ ਅਤੇ ਔਰਤਾਂ ਨੂੰ ਤਣਾਅ ਮੁਕਤ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਲਈ ‘ਤੀਆਂ ਤੀਜ ਦੀਆ’ ਪ੍ਰੋਗਰਾਮ ਦਾ ਆਯੋਜਨ ਕੀਤਾ।
ਜਿਸ ਵਿੱਚ ਟ੍ਰਾਈਸਿਟੀ ਦੀਆਂ 100 ਤੋਂ ਵੱਧ ਮਹਿਲਾ ਉੱਦਮੀਆਂ, ਘਰੇਲੂ ਔਰਤਾਂ ਅਤੇ ਕੰਮਕਾਜੀ ਔਰਤਾਂ ਨੇ ਭਾਗ ਲਿਆ। ਕਦੇ ਔਰਤ ਮਾਂ, ਕਦੇ ਪਤਨੀ, ਕਦੇ ਭੈਣ ਜਾਂ ਧੀ ਦੀ ਭੂਮਿਕਾ ਵਿਚ ਹੁੰਦੀ ਹੈ ਪਰ ਤੀਜ ਦੇ ਮੌਕੇ ‘ਤੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਔਰਤਾਂ ਨੇ ਆਪਣੇ ਨਿੱਤਨੇਮ ਤੋਂ ਦੂਰ ਹੋ ਕੇ ਆਪਣੇ ਲਈ ਕੁਝ ਪਲ ਕੱਢੇ ੍ਟ
ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਕੌਮੀ ਪ੍ਰਧਾਨ ਹਰਦੀਪ ਕੌਰ ਨੇ ਕਿਹਾ ਕਿ ਹਰ ਔਰਤ ਦੇ ਅੰਦਰ ਕੋਈ ਨਾ ਕੋਈ ਪ੍ਰਤਿਭਾ ਛੁਪੀ ਹੁੰਦੀ ਹੈ। ਕੁਝ ਔਰਤਾਂ ਵਧੀਆ ਖਾਣਾ ਬਣਾਉਂਦੀਆਂ ਹਨ ਅਤੇ ਕੁਝ ਚੰਗੀਆਂ ਉੱਦਮੀ ਹਨ। ਕੁਝ ਔਰਤਾਂ ਚੰਗੀਆਂ ਲੇਖਕ ਹਨ ਅਤੇ ਕੁਝ ਔਰਤਾਂ ਬਿਹਤਰ ਟੀਮ ਲੀਡਰ ਸਾਬਤ ਹੁੰਦੀਆਂ ਹਨ। ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਨੇ ਅਜਿਹੇ ਪ੍ਰਤਿਭਾਵਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹੋਏ “ਤੀਆਂ ਜੀਤ ਦੀਆਂ” ਪ੍ਰੋਗਰਾਮ ਦਾ ਆਯੋਜਨ ਕੀਤਾ।
ਐਡਵੋਕੇਟ ਰੁਪਿੰਦਰਪਾਲ ਕੌਰ ਦੇ ਪ੍ਰਬੰਧਾਂ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਲੋਕ ਗਾਇਕਾ ਆਰ.ਦੀਪ ਰਮਨ ਅਤੇ ਗੁਰਮੀਤ ਕੁਲਾਰ ਨੇ ਪੰਜਾਬੀ ਸੱਭਿਆਚਾਰ ਨਾਲ ਰੰਗੇ ਗੀਤ ਪੇਸ਼ ਕੀਤੇ। ਪ੍ਰੋਗਰਾਮ ਦੌਰਾਨ ਔਰਤਾਂ ਦੇ ਵਿਸ਼ੇਸ਼ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਤੀਆਂ ਦੀ ਰਾਣੀ ਦਾ ਖਿਤਾਬ ਆਦਰਸ਼ ਕੌਰ ਨੂੰ, ਗਿੱਧੇ ਦੀ ਰਾਣੀ ਦਾ ਖਿਤਾਬ ਸਿਮਰਨ ਗਿੱਲ ਨੂੰ ,ਸੁਨੱਖੀ ਪੰਜਾਬਣ ਦਾ ਖਿਤਾਬ ਸਤਿੰਦਰ ਕੌਰ ਨੂੰ, ਸੁਚੱਜੀ ਪੰਜਾਬਣ ਦਾ ਖਿਤਾਬ ਨਰਿੰਦਰ ਕੌਰ ਨੂੰ ਦਿੱਤਾ ਗਿਆ।
ਇਸ ਪ੍ਰੋਗਰਾਮ ਵਿੱਚ ਸਮਾਜ ਸੇਵੀ ਜਗਜੀਤ ਕੌਰ ਕਾਹਲੋਂ, ਨਰਸਿੰਗ ਸੁਪਰਡੈਂਟ ਕੁਲਦੀਪ ਕੌਰ ਅਤੇ ਗਾਇਕਾ ਗੁਰਮੀਤ ਕੁਲਾਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਔਰਤਾਂ ਨੂੰ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਵੱਲੋ ਸਨਮਾਨਿਤ ਕੀਤਾ ਗਿਆ।