ਯੈੱਸ ਪੰਜਾਬ
ਜਲੰਧਰ, 13 ਜੁਲਾਈ, 2024:
‘ਆਮ ਆਦਮੀ ਪਾਰਟੀ’ ਦੇ ਉਮੀਦਵਾਰ ਮਹਿੰਦਰ ਭਗਤ ਨੇ ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਜਿੱਤ ਲਈ ਹੈ।
ਉਹਨਾਂ ਨੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37,325 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਜੇਤੂ ਉਮੀਦਵਾਰ ਮਹਿੰਦਰ ਭਗਤ ਨੂੰ 55, 246 ਵੋਟਾਂ ਪਈਆਂ ਜਦਕਿ ਅੰਗੁਰਾਲ ਦੇ ਹਿੱਸੇ ਕੇਵਲ 17921 ਵੋਟਾਂ ਆਈਆਂ। ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 16757 ਵੋਟਾਂ ਹਾਸਲ ਕਰਕੇ ਤੀਜੇ ਸਥਾਨ ’ਤੇ ਰਹੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਪਰ ਬਾਅਦ ਵਿੱਚ ਮੈਦਾਨ ਤੋਂ ਹਟਾ ਲਈ ਗਈ ਉਮੀਦਵਾਰ ਸੁਰਜੀਤ ਕੌਰ ਨੂੰ 1242 ਵੋਟਾਂ ਪਈਆਂ ਜਦਕਿ ਬਸਪਾ ਦੇ ਬਿੰਦਰ ਕੁਮਾਰ ਲਾਖ਼ਾ ਨੂੰ 734 ਵੋਟਾਂ ਪ੍ਰਾਪਤ ਹੋਈਆਂ।
ਜ਼ਿਕਰਯੋਗ ਹੈ ਕਿ ਇਹ ਜ਼ਿਮਨੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਕਾਰ ਦਾ ਸੁਆਲ ਬਣਾ ਕੇ ਲੜੀ ਗਈ ਸੀ ਅਤੇ ਇਸ ਸੀਟ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਉਨ੍ਹਾਂ ਨੇ ਆਪ ਜਲੰਧਰ ਵਿੱਚ ਰਿਹਾਇਸ਼ ਲੈ ਕੇ ਪਰਿਵਾਰ ਸਣੇ ਇੱਥੇ ਡੇਰੇ ਲਾਏ। ਇਸ ਚੋਣ ਦੀ ਖ਼ੁਦ ਨਿਗਰਾਨੀ ਕਰਦਿਆਂ ਉਨ੍ਹਾਂ ਨੇ ਆਪ ਇਸ ਦਾ ਚੋਣ ਪ੍ਰਚਾਰ ‘ਲੀਡ’ ਕੀਤਾ ਸੀ ਜਿਸ ਦੇ ਨਤੀਜੇ ਦੇ ਰੂਪ ਵਿੱਚ ਮੋਹਿੰਦਰ ਭਗਤ ਦੀ ਜਿੱਤ ਸਾਹਮਣੇ ਆਈ ਹੈ।
ਇਸ ਚੋਣ ਵਿੱਚ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਅਤੇ ਬਸਪਾ ਸਣੇ ਚੋਣ ਲੜ ਰਹੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। ਕੁਲ 16 ਉਮੀਦਵਾਰ ਇਸ ਚੋਣ ਲਈ ਮੈਦਾਨ ਵਿੱਚ ਸਨ।
ਜ਼ਿਕਰਯੋਗ ਹੈ ਕਿ ਇਹ ਸੀਟ ‘ਆਪ’ ਦੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਕਾਰਨ ਖ਼ਾਲੀ ਹੋਈ ਸੀ ਅਤੇ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਿੱਚ ਗਏ ਸ਼ੀਤਲ ਅੰਗੁਰਾਲ ਇਸ ਵਾਰ ਭਾਜਪਾ ਦੇ ਉਮੀਦਵਾਰ ਸਨ। ਦੂਜੇ ਬੰਨੇ ਮੂਲ ਰੂਪ ਵਿੱਚ ਭਾਜਪਾ ਦੇ ਆਗੂ ਅਤੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਬੇਟੇ ਮੋਹਿੰਦਰ ਭਗਤ ‘ਆਪ’ ਦੇ ਉਮੀਦਵਾਰ ਸਨ।