ਯੈੱਸ ਪੰਜਾਬ
ਚੰਡੀਗੜ੍ਹ, 17 ਅਕਤੂੁਬਰ, 2024
ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਨਾਲ ਸਾਬਕਾ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਦੇ ਚੱਲ ਰਹੇ ਪ੍ਰਕਰਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਅਤੇ ਜੇ ਸਰਕਾਰ ਨੂੰ ਇਸ ਮਾਮਲੇ ਸੰਬੰਧੀ ਕੋਈ ਰਿਕਾਰਡਿੰਗ ਜਾਂ ਸ਼ਿਕਾਇਤ ਮਿਲੀ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਇੱਕ ਵੀਡੀਉ ਸੁਨੇਹੇ ਵਿੱਚ ਸੁਖ਼ਬੀਰ ਸਿੰਘ ਬਾਦਲ ਅਤੇ ਵਿਰਸਾ ਸਿੰਘ ਵਲਟੋਹਾ ਦਾ ਨਾਂਅ ਲਏ ਬਿਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਕੁਝ ਰਾਜਨੀਤਕ ਬੰਦੇ, ਕਿਸੇ ਇੱਕ ਪਰਿਵਾਰ ਦੀ ਵਫ਼ਾਦਾਰੀ ਨਿਭਾਉਣ ਲਈ ਤਖ਼ਤਾਂ ਦੇ ਜਥੇਦਾਰਾਂ ’ਤੇ ਆਧਾਰਹੀਨ ਇਲਜ਼ਾਮ ਲਗਾਉਣ ਤੋਂ ਇਲਾਵਾ ਉਨ੍ਹਾਂ ਤੋਂ ਖ਼ਾਸ ਫ਼ੈਸਲੇ ਕਰਵਾਉਣ ਲਈ ਧਮਕੀਆਂ ਦੇ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਪੂਰੀ ਦੁਨੀਆਂ ਵਿੱਚ ਵੱਸਦੇ ਲੋਕਾਂ ਨੇ ਬੁਰਾ ਮਨਾਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰਾਂ ਦੇ ਘਰੇ ਜਾ ਕੇ ਧਮਕੀਆਂ ਦੇਣੀਆਂ, ਉਨ੍ਹਾਂ ਦੀ ਰਿਕਾਰਡਿੰਗ ਕਰਨੀ ਬਹੁਤ ਹੀ ਮੰਦਭਾਗੀ ਹੈ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਹੁਤ ਹੀ ਭਾਵੁਕ ਹੋ ਕੇ ਬਣਾਈ ਵੀਡੀਉ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਨਾ ਕੇਵਲ ਉਨ੍ਹਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਸਗੋਂ ਉਨ੍ਹਾਂ ਦੀਆਂ ਬੇਟੀਆਂ ਬਾਰੇ ਵੀ ਅਨਾਪ ਸ਼ਨਾਪ ਲਿਖ਼ਿਆ ਜਾ ਰਿਹਾ ਹੈ, ਜਾਤੀ ਸੂਚਕ ਗੱਲਾਂ ਕਹੀਆਂ ਜਾ ਰਹੀਆਂ ਹਨ।
ਉਨ੍ਹਾਂ ਆਖ਼ਿਆ ਕਿ ਇਹ ਵੀ ਦੋਸ਼ ਹੈ ਕਿ ਇਹ ਸਾਰਾ ਮਾਮਲਾ ਫ਼ੇਕ ਆਈਡੀਜ਼ ਰਾਹੀਂ ਇੱਕ ਖ਼ਾਸ ਸੰਸਥਾ ਦੇ ਸੋਸ਼ਲ ਮੀਡੀਆ ਵਿੰਗ ਵੱਲੋਂ ਸਪਾਂਸਰਡ ਹੈ ਜੋ ਇਸ ਦੀ ਪੁਸ਼ਤਪਨਾਹੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜੇ ਕੋਈ ਰਾਜਸੀ ਬੰਦਾ ਧਮਕੀ ਦਿੰਦਾ ਹੈ, ਪਰਿਵਾਰ ਬਾਰੇ ਕੁਝ ਇਤਰਾਜ਼ਯੋਗ ਗੱਲਾਂ ਕਰਦਾ ਹੈ, ਧਮਕੀਆਂ ਦਿੰਦਾ ਹੈ ਅਤੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਹਨ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦੀ ਕੋਈ ਰਿਕਾਰਡਿੰਗ ਸਾਡੇ ਕੋਲ ਆਉਂਦੀ ਹੈ ਜਾਂ ਫ਼ਿਰ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਫ਼ਿਰ ਸੋਸ਼ਲ ਮੀਡੀਆ ਤੋਂ ਕੋਈ ਸਬੂਤ ਮਿਲਦਾ ਹੈ ਤਾਂ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਹ ਵਿਅਕਤੀ ਜਿੱਡਾ ਮਰਜ਼ੀ ਵੱਡਾ ਹੋਵੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਸਤਿਕਾਰਯੋਗ ਹਨ ਅਤੇ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੱਚਿਆਂ ਨੇ ਵੀ ਇਸੇ ਸਮਾਜ ਵਿੱਚ ਰਹਿਣਾ ਹੈ ਅਤੇ ਇਸ ਤਰ੍ਹਾਂ ਦੀਆਂ ਮੰਦਭਾਗੀਆਂ ਘਟਨਾਵਾਂ ਬਰਦਾਸ਼ਤਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਕਾਰਵਾਈ ਸਾਈਬਰ ਕ੍ਰਾਈਮ ਦੇ ਰਾਹੀਂ ਜਾਂ ਫ਼ਿਰ ਕਿਸੇ ਰਿਕਾਰਡਿੰਗ ਜਾਂ ਸ਼ਿਕਾਇਤ ਦੇ ਆਧਾਰ ’ਤੇ ਹੋਵੇ, ਇਹ ਸਖ਼ਤੀ ਨਾਲ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਅਪ੍ਰਵਾਨ