Friday, December 27, 2024
spot_img
spot_img
spot_img

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ; ਕਿਹਾ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲਿਆ ਫ਼ੈਸਲਾ

ਯੈੱਸ ਪੰਜਾਬ
ਅੰਮ੍ਰਿਤਸਰ, 16 ਅਕਤੂਬਰ, 2024

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫ਼ਾ ਦੇ ਦਿੱਤਾ ਹੈ। ਅੱਜ ਇੱਕ ਵੀਡੀਉ ਜਾਰੀ ਕਰਕੇ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਉਨਾਂ ਨੇ ਆਪਣੇ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ।

ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਉਹਨਾਂ ਨੂੰ ਦਿੱਤੀ ਗੱਡੀ ਅਤੇ ਸਕਿਉਰਿਟੀ ਵਾਪਸ ਲੈ ਲੈਣ ਕਿਉਂਕਿ ਹੁਣ ਉਹ ਇੱਕ ਨਿਮਾਣੇ ਸਿੱਖ ਵਜੋਂ ਵਿਚਰਣਗੇ ਅਤੇ ਸਕਿਉਰਿਟੀ ਨੂੰ ਉਹ ‘ਐਫ਼ੋਰਡ’ ਨਹੀਂ ਕਰਦੇ।

ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਨ ਅਤੇ ਬੀਤੇ ਦਿਨੀਂ ਸਿੰਘ ਸਾਹਿਬਾਨ ਦੀ ਹੋਈ ਮੀਟਿੰਗ ਵਿੱਚ ਆਪਣੀ ਭੂਮਿਕਾ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਸਨ।

ਗਿਆਨੀ ਹਰਪ੍ਰੀਤ ਸਿੰਘ ਬੀਤੇ ਕਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਉਸ ਮੀਟਿੰਗ ਵਿੱਚ ਹਾਜ਼ਰ ਸਨ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢੇ ਜਾਣ ਦੇ ਆਦੇਸ਼ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ: ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਆਪਣੇ ਖ਼ਿਲਾਫ਼ ਆਏ ਫ਼ੈਸਲੇ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਜਿੱਥੇ ਇਸ ਫ਼ੈਸਲੇ ਨੂੰ ‘ਨਿਮਾਣੇ ਸਿੱਖ’ ਵਜੋਂ ਪ੍ਰਵਾਨ ਕਰਨ ਦੀ ਗੱਲ ਆਖ਼ੀ ਸੀ ੳੁੱਥੇ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਖ਼ਿਲਾਫ਼ ਸਿੱਧੇ ਅਤੇ ਸਪਸ਼ਟ ਤੌਰ ’ਤੇ ਮੋਰਚਾ ਖੋਲ੍ਹ ਦਿੱਤਾ ਸੀ। ਵਲਟੋਹਾ ਨੇ ਦੋਸ਼ ਲਾਏ ਸਨ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਜਥੇਦਾਰਾਂ ਦੀ ਮੀਟਿੰਗ ਨੂੰ ਹਾਈਜੈਕ ਕਰ ਲਿਆ ਸੀ ਅਤੇ ਇਸ ਫ਼ੈਸਲੇ ਦੇ ਮਗਰ ਉਹੀ ਸਨ।

ਆਪਣੇ ਵੀਡੀਉ ਸੁਨੇਹੇ ਵਿੱਚ ਬਹੁਤ ਹੀ ਭਾਵੁਕ ਨਜ਼ਰ ਆਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਕਲ੍ਹ ਦੇ ਫ਼ੈਸਲੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਲਗਾਤਾਰ ਕਿਰਦਾਰਕੁਸ਼ੀ ਕਰ ਰਿਹਾ ਹੈ ਅਤੇ ਖ਼ਾਸ ਤੌਰ ’ਤੇ ਮੈਨੂੰ ਨਿਸ਼ਾਨਾ ਬਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਵਲਟੋਹਾ ਵੱਲੋਂ ਨੀਚਤਾ ਦੀਆਂ ਹੱਦਾਂ ਪਾਜਰ ਕਰਦਿਆਂ ਉਨ੍ਹਾਂ ਨੂੰ ਇਹ ਸੁਨੇਹੇ ਭਿਜਵਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਨੰਗਿਆਂ ਕੀਤਾ ਜਾਵੇਗਾ ਅਤੇ ਮੇਰੀਆਂ ਧੀਆਂ ਤਕ ਬਾਰੇ ਗ਼ਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਜੋ ਬਰਦਾਸ਼ਤ ਤੋਂ ਬਾਹਰ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਵਲਟੋਹਾ ਤੋਂ ਡਰਨ ਵਾਲੇ ਨਹੀਂ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਗੱਲ ਦੀ ਪੁਸ਼ਤਪਨਾਹੀ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਹੈ ਅਤੇ ਉਹ ‘ਥਰਡ ਕਲਾਸ’+ ਅਕਾਲੀ ਆਗੂ ਵੀ ਹਨ ਜਿਨ੍ਹਾਂ ਨੂੰ ਪੰਥਕ ਪ੍ਰੰਪਰਾਵਾਂ ਦਾ ਉੱਕਾ ਹੀ ਗਿਆਨ ਨਹੀਂ ਹੈ, ਅਤੇ ਇਹ ਗੱਲ ਬਹੁਤ ਦੁਖ਼ੀ ਕਰਦੀ ਹੈ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ‘ਮੇਰੀ ਸੰਸਥਾ’ ਕਹਿ ਕੇ ਸੰਬੋਧਨ ਕਰਦਿਆਂ ਕਿਹਾ ਕਿ ਅਫ਼ਸੋਸ ਹੈ ਕਿ ਸ਼੍ਰੋਮਣੀ ਕਮੇਟੀ ਵੀ ਖ਼ਾਮੋਸ਼ ਹੈ ਅਤੇ ਇਸ ਸਥਿਤੀ ਵਿੱਚ ਅਸੀਂ, ਖ਼ਾਸ ਤੌਰ ’ਤੇ ਮੈਂ ਜਥੇਦਾਰ ਵਜੋਂ ਸੇਵਾ ਨਹੀਂ ਕਰ ਸਕਦਾ ਕਿਉਂਕਿ ਜਿੱਥੇ ਮੈਂ ਜਥੇਦਾਰ ਹਾਂ, ਉੱਥੇ ਧੀਆਂ ਦਾ ਪਿਉ ਵੀ ਹਾਂ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਆਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਨੂੰ ਪ੍ਰਵਾਨ ਕੀਤਾ ਜਾਵੇ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਲਟੋਹਾ ਵੱਲੋਂ ਉਨ੍ਹਾਂ ਦੀ ਜਾਤ ਤੱਕ ’ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਗ਼ਲਤ ਅਤੇ ਗੰਦੇ ਸੁਨੇਹੇ ਭਿਜਵਾਉਂਦਾ ਹੋਇਆ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਿਹਾ ਹੈ।

ਆਪਣੀ ਬਹੁਤ ਹੀ ਭਾਵੁਕ ਵੀਡੀਉ ਪੋਸਟ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਨਾ ਘਟੀਆ ਅਤੇ ਇੰਨਾ ਥੱਲੇ ਵਲਟੋਹਾ ਉੱਤਰੇਗਾ, ਇਹ ਕਦੇ ਸੋਚਿਆ ਵੀ ਨਹੀਂ ਸੀ।

ਵਲਟੋਹਾ ਵੱਲੋਂ ਉਨ੍ਹਾਂ ਨੂੰ ਆਰ.ਐੱਸ.ਐੱਸ. ਨਾਲ ਜੋੜਨ ਬਾਰੇ ਗੱਲ ਦਾ ਹਵਾਲਾ ਦਿੰਦਿਆਂ ਗਿਆਨੀ ਹਰਪ੍ਰੀਤ ਸਿੰ ਨੇ ਕਿਹਾ ਕਿ ‘ਆਰ.ਐੱਸ.ਐੱਸ. ਦੇ ਦੱਲੇ’ ਵਰਗੇ ਨਾਪਾਕ ਇਲਜ਼ਾਮ ਲਾਉਣ ਦੀ ਕੋਸ਼ਿਸ਼ ਅਸਫ਼ਲ ਰਹਿਣ ਤੋਂ ਬਾਅਦ ਵਲਟੋਹਾ ਹੁਣ ਘਟੀਆ ਦਰਜੇ ਦੀਆਂ ਹਰਕਤਾਂ ਕਰ ਰਿਹਾ ਹੈ।

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮੇਟੀ ਨੇ ਉਨ੍ਹਾਂ ਨੂੰ ਪੜ੍ਹਾਇਆ, ਮੁਕਤਸਰ ਸਾਹਿਬ ਦਾ ਹੈੱਡ ਗ੍ਰੰਥੀ ਲਗਾਇਆ, ਅਕਾਲ ਤਖ਼ਤ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਸੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਬਣਾਉਣ ਸਮੇਂ ਪੰਥਕ ਜਥੇਬੰਦੀਆਂ, ਸੰਪਦਾਵਾਂ ਅਤੇ ਸਿੰਘ ਸਭਾਵਾਂ ਨੇ ਜੋ ਪੱਗ ਮੇਰੇ ਸਿਰ ’ਤੇ ਰੱਖੀ ਸੀ ਉਸਨੂੰ ਮੈਂ ਬੇਦਾਗ ਆਪਣੇ ਘਰ ਲੈ ਕੇ ਜਾ ਰਿਹਾ ਹਾਂ ਅਤੇ ਮੈਨੂੰ ਤਸੱਲੀ ਹੈ ਕਿ ਮੈਂ ਇਸ ਪੱਗ ਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ।

ਉਨ੍ਹਾਂ ਕਿਹਾ ਕਿ ਜੇ ਮੈਂਥੋਂ ਕੋਈ ਗ਼ਲਤੀ ਹੋਈ, ਕੋਈ ਮਾੜਾ ਲਫ਼ਜ਼ ਬੋਲਿਆ ਗਿਆ ਤਾਂ ਮੈਂ ਖ਼ਿਮਾ ਦਾ ਜਾਚਕ ਹਾਂ। ਉਨ੍ਹਾਂ ਆਖ਼ਿਆ ਕਿ ਸ਼੍ਰੋਮਣੀ ਕਮੇਟੀ ਮੇਰੀ ਸੰਸਥਾ ਹੈ ਅਤੇ ਮੈਂ ਆਪਣੀ ਸੰਸਥਾ ਦਾ ਸਦਾ ਵਫ਼ਾਦਾਰ ਰਹਾਂਗਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ