Friday, December 27, 2024
spot_img
spot_img
spot_img

ਵਲਟੋਹਾ ਨੇ ਖ਼ੁਦ ਛੱਡਿਆ ਅਕਾਲੀ ਦਲ, ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਖ਼ੋਲਿਆ ਮੋਰਚਾ, ਵੀਡੀਓ ਜਾਰੀ ਕਰਨ ਦੀ ਕੀਤੀ ਮੰਗ

ਯੈੱਸ ਪੰਜਾਬ
ਅੰਮ੍ਰਿਤਸਰ, 15 ਅਕਤੂਬਰ, 2024

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਮਗਰੋਂ ਉਨ੍ਹਾਂ ਨੂੰ ਪਾਰਟੀ ਵਿੱਚੋਂ 10 ਸਾਲ ਲਈ ਛੇਕਣ ਸੰਬੰਧੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਕੀਤੇ ਆਦੇਸ਼ ਮਗਰੋਂ ਅੱਜ ਖ਼ੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।

ਵਲਟੋਹਾ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਪਾਰਟੀ ਜਾਂ ਲੀਡਰਸ਼ਿਪ ਕਿਸੇ ਧਰਮਸੰਕਟ ਵਿੱਚ ਪਵੇ, ਇਸ ਲਈ ਉਹ ਖ਼ੁਦ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਸਨ ਅਤੇ ਹਮੇਸ਼ਾ ਅਕਾਲੀ ਰਹਿਣਗੇ ਅਤੇ ਉਨ੍ਹਾਂ ਨੇ ਇਹ ਫ਼ੈਸਲਾ ਇਸ ਲਈ ਲਿਆ ਹੈ ਤਾਂ ਜੋ ਉਨ੍ਹਾਂ ਨੂੰ ਪਿਆਰ ਕਰਨ ਵਾਲੀ ਅਤੇ ਮਾਣ ਸਤਿਕਾਰ ਦੇਣ ਵਾਲੀ ਪਾਰਟੀ ਕਿਸੇ ਧਰਮਸੰਕਟ ਵਿੱਚ ਨਾ ਫ਼ਸੇ।

ਵਲਟੋਹਾ ਨੇ ਅੱਜ ਆਪਣੇ ਖਿਲਾਫ਼ ਫ਼ੈਸਲਾ ਆਉਣ ਤੋਂ ਚੰਦ ਘੰਟਿਆਂ ਬਾਅਦ ਹੀ ਇੱਕ ਵੀਡੀਉ ਜਾਰੀ ਕਰਕੇ ਜਿੱਥੇ ਇਹ ਐਲਾਨ ਕੀਤਾ ਉੱਥੇ ਜੱਥੇਦਾਰਾਂ ਵੱਲੋਂ ਉਨ੍ਹਾਂ ਖਿਲਾਫ਼ ਲਏ ਫ਼ੈਸਲੇ ਨੂੰ ਵੀ ਸੁਆਲਾਂ ਦੇ ਘੇਰੇ ਵਿੱਚ ਲਿਆਂਦਾ ਅਤੇ ਬਾਕੀ ਜਥੇਦਾਰਾਂ ਤੋਂ ਮੁਆਫ਼ੀ ਮੰਗਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਨਾਲ ਹੀ ਉਨ੍ਹਾਂ ਨੇ ਕੁਝ ਸੁਆਲ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਬਾਰੇ ਵੀ ਉਠਾਏ।

ਵਲਟੋਹਾ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਖਿਲਾਫ਼ ਆਦੇਸ਼ ਜਾਰੀ ਕਰਕੇ ਸਿੰਘ ਸਾਹਿਬਾਨ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲੀ ਦਲ ਵਿਰੋਧੀ ਨੀਤੀ ਨੂੰ ਅਮਲੀ ਜਾਮਾਂ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ।

ਵਲਟੋਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਅਕਾਲ ਤਖ਼ਤ ’ਤੇ ਆਪਣਾ ਪੱਖ ਰੱਖਣ ’ਤੇ ਪੁੱਜਦਿਆਂ ਹੀ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਸਾਰੀ ਕਾਰਵਾਈ ਦੀ ਵੀਡੀਉਗਰਾਫ਼ੀ ਕਰਵਾਈ ਜਾ ਰਹੀ ਹੈ ਅਤੇ ਇਹ ਬਾਅਦ ਵਿੱਚ ਮੀਡੀਆ ਨੂੰ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਇਹ ਵੀਡੀਉ ਜਾਰੀ ਹੋਵੇ ਤਾਂ ਜੋ ਪਤਾ ਲੱਗੇ ਕਿ ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕੀ ਕਿਹਾ ਅਤੇ ਉਨ੍ਹਾਂ ਦਾ ਵਤੀਰਾ ਕੀ ਸੀ।

ਅਕਾਲੀ ਨੇਤਾ ਨੇ ਕਿਹਾ ਕਿ ਜੇ ਮੇਰੇ ਤੋਂ ਕੋਈ ਅਵੱਗਿਆ ਹੋਈ ਸੀ ਤਾਂਉਸ ਅਵੱਗਿਆ ਦਾ ਨਿਤਾਰਾ ਕੀਤੇ ਬਿਨਾਂ ਹੀ ਇਹ ਫ਼ੈਸਲਾ ਦੇ ਦਿੱਤਾ ਗਿਆ। ਇਹ ਪਹਿਲਾਂ ਹੀ ਸੋਚਿਆ ਗਿਆ ਸੀ ਅਤੇ ਜਿਵੇਂ ਹੀ ਮੈਂ ਸਪਸ਼ਟੀਕਰਨ ਦੇ ਕੇ ਨਿਕਲਿਆ ਇਹ ਫ਼ੈਸਲਾ ਸੁਣਾ ਦਿੱਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਉਨ੍ਹਾਂ ਕੋਈ ਅਵੱਗਿਆ ਕੀਤੀ ਸੀ ਤਾਂ ਉਹ ਧਾਰਮਿਕ ਅਵੱਗਿਆ ਸੀ ਨਾ ਕਿ ਰਾਜਸੀ ਪਰ ਮੇਰੇ ਵਿਰੁੱਧ ਰਾਜਸੀ ਫ਼ੈਸਲਾ ਲਿਆ ਗਿਆ, ਉਹ ਵੀ ਇੱਕ ਐਸੇ ਵਿਅਕਤੀ ਖ਼ਿਲਾਫ਼ ਜਿਹੜਾ ਹਮੇਸ਼ਾ ਸਿੱਖ ਵਿਰੋਧੀ ਅਤੇ ਅਕਾਲੀ ਵਿਰੋਧੀਆਂ ਖਿਲਾਫ਼ ਡਟ ਕੇ ਖੜ੍ਹਦਾ ਰਿਹਾ।

ਉਹਨਾਂ ਸੁਆਲ ਉਠਾਇਆ ਕਿ ਇਸ ਮਗਰ ਕੋਈ ਸਾਜ਼ਿਸ਼ ਤਾਂ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਖ਼ਦਸ਼ੇ ਮੈਂ ਜ਼ਾਹਿਰ ਕਰ ਰਿਹਾ ਸਾਂ, ਉਹ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੌਮ ਦੇ ਤਖ਼ਤ ਦੇ ਇੱਕ ਜਥੇਦਾਰ ਦਾ ਮਨਸੂਬਾ ਹੀ ਅਕਾਲੀ ਦਲ ਨੂੰ ਢਾਹ ਲਾਉਣਾ ਹੈ।

ਉਨ੍ਹਾਂ ਨੇ ਸਿੱਧੇ ਅਤੇ ਨਾਂਅ ਲੈ ਕੇ ਗਿਆਨੀ ਹਰਪ੍ਰੀਤ ਸਿੰਘ ’ਤੇ ਹੱਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਾਲ ਕੁੜੱਤਣ ਸਾਰੀ ਗੱਲਬਾਤ ਤੋਂ ਬਾਹਰ ਆ ਰਹੀ ਸੀ।

ਵਲਟੋਹਾ ਨੇ ਕਿਹਾ ਕਿ ਅੱਜ ਦੀ ਵੀਡੀਉ ਜਾਰੀ ਹੋਵੇਗੀ ਤਾਂ ਉਸ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਅੱਜ ਉਨ੍ਹਾਂ ਨੂੰ ਬੋਲਣ ਹੀ ਨਹੀਂ ਦਿੱਤਾ ਅਤੇ ਉਨ੍ਹਾਂ ਦਾ ਪਾਰਾ ਅੱਜ ਇੰਨਾ ‘ਹਾਈ’ ਸੀ ਕਿ ਉਹ ਆਪਣੇ ਸ਼ਬਦਾਂ ’ਤੇ ਵੀ ਕੰਟਰੋਲ ਨਹੀਂ ਰੱਖ ਰਹੇ ਸਨ।

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤਾਂ ਇੰਨੀ ਤੈਸ਼ ਵਿੱਚ ਸਨ ਕਿ ਉਹ ਆਪ ਬੜੇ ਵੇਰਵੇ ਨਾਲ ਮੰਨਦੇ ਰਹੇ ਕਿ ਉਨ੍ਹਾਂ ਦੀ ਸਾਬਕਾ ਮੁੱਖ ਮੰਤਰੀਆਂ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ‘ਆਪ’ ਆਗੂ ਰਾਘਵ ਚੱਢਾ ਨਾਲ ਸਾਂਝ ਹੈ। ਇਹ ਵੀ ਕਿਹਾ ਕਿ ਮੇਰੀ ਕੇਂਦਰ ਸਰਕਾਰ ਨਾਲ ਸਾਂਝ ਹੈ, ਭਾਜਪਾ ਨਾਲ ਸਾਂਝ ਹੈ। ਉਨ੍ਹਾਂ ਕਿਹਾ ਕਿ ਵੀਡੀਉ ਜਰਾਰੀ ਕੀਤੀ ਜਾਂਦੀ ਹੈ ਤਾਂ ਸਭ ਕੁਝ ਸੰਗਤ ਸਾਹਮਣੇ ਆ ਜਾਵੇਗਾ।

ਵਲਟੋਹਾ ਨੇ ਕਿਹਾ ਕਿ ਉਨ੍ਹਾਂ ਨੇ ਬਾਕੀ ਜਥੇਦਾਰਾਂ ਨੂੰ ਪੁੱਛਿਆ ਕਿ ਤੁਹਾਨੂੰ ਕਦੇ ਕਿਸੇ ਹੋਰ ਪਾਰਟੀਆਂ ਦੇ ਲੀਡਰਾਂ ਦੇ ਫ਼ੋਨ ਆਉਂਦੇ ਹਨ ਤਾਂ ਸਭ ਨੇ ਨਾਂਹ ਕੀਤੀ ਜਿਸ ’ਤੇ ਇਹ ਸਵਾਲ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਹੀ ਸਾਰੇ ਸੰਪਰਕ ਕਰਦੇ ਹਨ ਅਤੇ ਸਾਰੀਆਂ ਸਾਂਝਾਂ ਉਨ੍ਹਾਂ ਨਾਲ ਹੀ ਕਿਉਂ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਦਰਅਸਲ ਗਿਆਨੀ ਹਰਪ੍ਰੀਤ ਸਿੰਘ ਹੀ ‘ਡਾਮੀਨੇਟ’ ਕਰ ਰਹੇ ਸਨ।

ਵਲਟੋਹਾ ਨੇ ਸਵਾਲ ਉਠਾਇਆ ਕਿ ਅਕਾਲ ਤਖ਼ਤ ’ਤੇ ਹਮਲਾ ਕਰਨ ਵਾਲੀ ਕਾਂਗਰਸ ਦੇ ਲੀਡਰਾਂ ਅਤੇ ਕਈ ਹੋਰ ਸਿੱਖ ਵਿਰੋਧੀ ਸ਼ਕਤੀਆਂ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਸਾਂਝ ਕਿਉਂ ਹੈ?

ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ਵਿਖੇ 11 ਅਕਤੂਬਰ ਨੂੰ ਉਨ੍ਹਾਂ ਨਾਲ ਹੋਈ ਮੁਲਾਕਾਤ ਬਾਰੇ ਵਲਟੋਹਾ ਨੇ ਕਿਹਾ ਕਿ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੈਂ ਉਨ੍ਹਾਂ ਨੂੰ ਸੁਖ਼ਬੀਰ ਬਾਦਲ ਨੂੰ ਸਜ਼ਾ ਨਾ ਦੇਣ ਲਈ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਨੂੰ ਸੰਗਤ ਨੂੰ ਗੁਮਰਾਹ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਸਗੋਂ ਮੈਂ ਤਾਂ ਮੁੱਢੋਂ ਹੀ ਇਹ ਕਹਿੰਦਾ ਰਿਹਾ ਹਾਂ ਕਿ ਸੁਖ਼ਬੀਰ ਬਾਦਲ ਤੋਂ ਜੋ ਅਵੱਗਿਆ ਹੋਈ ਹੈ, ਉਸ ਬਾਰੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਲਾਈ ਜਾਣੀ ਚਾਹੀਦੀ ਹੈ ਪਰ ‘ਵੇਖ਼ਿਆ ਜੇ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ।’

ਗਿਆਨੀ ਰਘਬੀਰ ਸਿੰਘ ਵੱਲੋਂ ਧਮਕੀ ਵਾਲੀ ਗੱਲ ਬਾਰੇ ਵਲਟੋਹਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਗਿਆਨੀ ਰਘਬੀਰ ਸਿੰਘ ਦੇ ਗ੍ਰਹਿ ’ਤੇ ਕੀਤੀ ਰਿਕਾਰਡਿੰਗ ਵਿੱਚ ਵੀ ਐਸਾ ਕੁਝ ਨਹੀਂ ਹੈ ਅਤੇ ਗਿਆਨੀ ਰਘਬੀਰ ਸਿੰਘ ਨੇ ਖ਼ੁਦ ਕਿਹਾ ਕਿ ਇਹ ਸਾਰੀ ਮੁਲਾਕਾਤ ਖੁਸ਼ਗਵਾਰ ਮਾਹੌਲ ਵਿੱਚ ਹੋਈ ਸੀ।

ਵਲਟੋਹਾ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਮੰਗ ਤਾਂ ਕੇਵਲ ਇੰਨੀ ਸੀ ਕਿ ਸੁਖ਼ਬੀਰ ਬਾਦਲ ਬਾਰੇ ਜੋ ਵੀ ਫ਼ੈਸਲਾ ਲੈਣਾ ਹੈ, ਉਹ ਛੇਤੀ ਲਿਆ ਜਾਵੇ ਕਿਉਂਕਿ ਉਨ੍ਹਾਂ ਦੀ ਬੇਟੀ ਦੀ ਸ਼ਾਦੀ ਰੱਖੀ ਹੋਈ ਹੈ।

ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਆਪਣੀਆਂ ਕਮਜ਼ੋਰੀਆਂ ਅਤੇ ਸਾਂਝਾਂ ਸਵੀਕਾਰ ਲਈਆਂ ਅਤੇ ਅੱਜ ਅਕਾਲੀ ਦਲ ਪ੍ਰਤੀ ਆਪਣੀ ਨਫ਼ਰਤ ਅਤੇ ਜ਼ਹਿਰ ਦਾ ਪ੍ਰਗਟਾਵਾ ਵੀ ਕੀਤਾ।

ਉਨ੍ਹਾਂ ਨੇ ਕਿਹਾ ਕਿ ਜੇ ਉਹ ਕੁਝ ਵੱਧ ਘੱਟ ਕਹਿ ਗਏ ਹੋਣ ਤਾਂ ਬਾਕੀ ਚਾਰਾਂ ਜਥੇਦਾਰਾਂ ਤੋਂ ਤਾਂ ਮੁਆਫ਼ੀ ਮੰਗਦੇ ਹਨ ਪਰ ਗਿਆਨੀ ਹਰਪ੍ਰੀਤ ਸਿੰਘ ਤੋਂ ਨਹੀਂ।

ਵਿਰਸਾ ਸਿੰਘ ਵਲਟੋਹਾ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਕਿ ਜੇ ਕੌਮ ਬਚਾਉਣੀ ਹੈ ਤਾਂ ਗਿਆਨੀ ਹਰਪ੍ਰੀਤ ਸਿੰਘ ਜਿਹੇ ਜਥੇਦਾਰਾਂ ਦੀ ਲੋੜ ਨਹੀਂ। ਉਹਨਾਂ ਕਿਹਾ ਕਿ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਹੀ ਕੌਮ ਦੇ ਫ਼ੈਸਲੇ ਕਰਨੇ ਹਨ ਫ਼ਿਰ ਤਾਂ ਕੌਮ ਦਾ ਰੱਬ ਹੀ ਰਾਖ਼ਾ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ