Monday, December 30, 2024
spot_img
spot_img
spot_img

ਜਲੰਧਰ ਦਿਹਾਤੀ ਪੁਲਿਸ ਵਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; ਸਰਗਨਾ ਸਮੇਤ 5 ਪਿਸਤੌਲ ਬਰਾਮਦ

ਯੈੱਸ ਪੰਜਾਬ
ਜਲੰਧਰ, 8 ਅਕਤੂਬਰ, 2024

ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕਰਦਿਆਂ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਇਸਦੇ ਮੁਖੀ ਨੂੰ ਗ੍ਰਿਫਤਾਰ ਕਰਕੇ ਪੰਜ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਫੜੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਉਰਫ ਜੀਓਨਾ ਵਾਸੀ ਪਿੰਡ ਮੰਡਿਆਲਾ, ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ (ਐਸ.ਐਸ.ਪੀ.) ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 2 ਅਕਤੂਬਰ ਨੂੰ ਪੁਲਿਸ ਨੂੰ ਲਾਂਬੜਾ ਇਲਾਕੇ ਵਿੱਚ ਨਜਾਇਜ਼ ਹਥਿਆਰਾਂ ਦੀ ਇੱਕ ਖੇਪ ਦੀ ਡਿਲੀਵਰੀ ਹੋਣ ਦੀ ਸੂਚਨਾ ਮਿਲੀ ਸੀ। ਇਸ ਦੇ ਚੱਲਦਿਆਂ ਸੀਆਈਏ ਸਟਾਫ਼ ਜਲੰਧਰ ਦਿਹਾਤੀ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਨੇ ਡੀਐਸਪੀ ਡੀ ਅਤੇ ਐਸਪੀ ਇਨਵੈਸਟੀਗੇਸ਼ਨ ਜਸਰੂਪ ਕੌਰ ਬਾਠ ਦੀ ਕਮਾਂਡ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ।

ਪੁਲਿਸ ਟੀਮ ਪੁਆੜਾ ਪੁਲੀ ਇਲਾਕੇ ‘ਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਇੱਕ ਸਥਾਨਕ ਮੁਖਬਰ ਤੋਂ ਸੁਨੀਲ ਕੁਮਾਰ ਦੇ ਅੱਡਾ ਨਿਝਰਾਂ ਵਿਖੇ ਨਜਾਇਜ਼ ਹਥਿਆਰਾਂ ਸਮੇਤ ਮੌਜੂਦ ਹੋਣ ਦੀ ਸੂਚਨਾ ਮਿਲੀ। ਪੁਲਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਛਾਪਾ ਮਾਰ ਕੇ ਸੁਨੀਲ ਕੁਮਾਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।

ਤਲਾਸ਼ੀ ਦੌਰਾਨ ਸੁਨੀਲ ਕੁਮਾਰ ਦੇ ਕੋਲੋਂ ਇੱਕ .32 ਬੋਰ ਦਾ ਪਿਸਤੌਲ ਇੱਕ ਮੈਗਜ਼ੀਨ ਅਤੇ ਦੋ ਜਿੰਦਾ ਰੌਂਦ ਬਰਾਮਦ ਹੋਏ, ਜਦਕਿ ਉਸਦੇ ਕਿੱਟ ਬੈਗ ਵਿੱਚੋਂ ਤਿੰਨ ਹੋਰ ਪਿਸਤੌਲ ਅਤੇ ਛੇ ਜਿੰਦਾ ਰੌਂਦ ਬਰਾਮਦ ਹੋਏ। ਪੁਲਿਸ ਨੇ ਕੁੱਲ ਮਿਲਾ ਕੇ ਪੰਜ ਪਿਸਤੌਲ ਅਤੇ ਅੱਠ ਰੌਂਦ ਬਾਰੂਦ ਬਰਾਮਦ ਕੀਤੇ ਹਨ।

ਅਸਲਾ ਐਕਟ ਦੀ ਧਾਰਾ 25(1)-ਘੀ, 25(6)(7)(8), ਅਤੇ 29/54/59 ਤਹਿਤ ਲਾਂਬੜਾ ਪੁਲਿਸ ਸਟੇਸ਼ਨ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਨੀਲ ਕੁਮਾਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਕਰਦਾ ਰਿਹਾ ਹੈ, ਜਿੱਥੇ ਇਨ੍ਹਾਂ ਨੂੰ ਮਹਿੰਗੇ ਭਾਅ ਵੇਚਿਆ ਜਾਂਦਾ ਹੈ।

ਮੁਲਜ਼ਮ, ਜੋ ਕਿ ਹਾਲ ਹੀ ਵਿੱਚ ਨਸ਼ਾ ਤਸਕਰੀ ਦੇ ਇੱਕ ਕੇਸ ਵਿੱਚ ਜ਼ਮਾਨਤ ‘ਤੇ ਰਿਹਾਅ ਹੋਇਆ ਸੀ, ਦਾ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧਾਂ ਸਮੇਤ ਅਪਰਾਧਿਕ ਗਤੀਵਿਧੀਆਂ ਦਾ ਲੰਬਾ ਇਤਿਹਾਸ ਹੈ। ਉਸ ਦਾ ਨੈੱਟਵਰਕ ਵਿਦੇਸ਼ਾਂ ਤੋਂ ਕੰਮ ਕਰ ਰਹੇ ਹਾਈ-ਪ੍ਰੋਫਾਈਲ ਅਪਰਾਧੀਆਂ ਨਾਲ ਜੁੜਿਆ ਹੋਇਆ ਹੈ, ਜਿਸ ਵਿਚ ਜਗਦੀਪ ਸਿੰਘ ਉਰਫ ਜੱਗਾ ਫੁਕੀਵਾਲ, ਜੋ ਕਿ ਇੰਗਲੈਂਡ ਤੋਂ ਫਿਰੌਤੀ ਰੈਕੇਟ ਚਲਾਉਣ ਲਈ ਜਾਣਿਆ ਜਾਂਦਾ ਹੈ, ਅਤੇ ਪਵਨ ਕੁਮਾਰ ਉਰਫ ਪੰਮਾ ਪਾਊਡਰ ਸ਼ਾਮਲ ਹਨ।

ਸੁਨੀਲ ਕੁਮਾਰ ਦੇ ਜੱਗਾ ਫੁਕੀਵਾਲ ਅਤੇ ਪੰਮਾ ਪਾਊਡਰ ਵਰਗੇ ਅੰਤਰਰਾਸ਼ਟਰੀ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਦੋਵੇਂ ਬਦਨਾਮ ਅਪਰਾਧੀ ਲੰਡਾ ਹਰੀਕੇ ਨਾਲ ਜੁੜੇ ਹੋਏ ਹਨ। ਇਹ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਵਾਲੇ ਇੱਕ ਵਿਆਪਕ ਅਪਰਾਧਿਕ ਨੈਟਵਰਕ ਦਾ ਸੰਕੇਤ ਹੈ।

ਫੜੇ ਗਏ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਅਤੇ ਉਸ ਦੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਜਾਂਚ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ, ਜਿਸ ਵਿੱਚ ਹਥਿਆਰਾਂ ਦੀ ਖਰੀਦ ਅਤੇ ਯੋਜਨਾਬੱਧ ਅਪਰਾਧਿਕ ਗਤੀਵਿਧੀਆਂ ਸ਼ਾਮਲ ਹਨ।

ਐਸ.ਐਸ.ਪੀ ਖੱਖ ਨੇ ਕਿਹਾ ਕਿ ਗਿਰੋਹ ਦੇ ਹੋਰ ਫਰਾਰ ਮੈਂਬਰਾਂ ਦੀ ਭਾਲ ਜਾਰੀ ਹੈ, ਅਤੇ ਜਾਂਚ ਨਾਲ ਹੋਰ ਬਰਾਮਦਗੀ ਦੀ ਉਮੀਦ ਹੈ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ