Friday, January 3, 2025
spot_img
spot_img
spot_img
spot_img

ਗੁਰਦੁਆਰਾ ਸਾਹਿਬਾਨ ਅੰਦਰ ਰੁਮਾਲਾ ਸਾਹਿਬ ਦੀ ਭੇਟਾ ਜਮ੍ਹਾਂ ਕਰਵਾਉਣ ਲਈ ਕਾਊਂਟਰ ਸਥਾਪਤ ਕਰੇਗੀ ਸ਼੍ਰੋਮਣੀ ਕਮੇਟੀ: ਐਡਵੋਕੇਟ ਧਾਮੀ

ਯੈੱਸ ਪੰਜਾਬ
ਅੰਮ੍ਰਿਤਸਰ, 7 ਅਕਤੂਬਰ, 2024

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ, ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਐਜੂਕੇਸ਼ਨ ਕਮੇਟੀ ਦੀਆਂ ਵੱਖ-ਵੱਖ ਤਿੰਨ ਅਹਿਮ ਇਕੱਤਰਤਾਵਾਂ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵੱਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਹੋਈਆਂ। ਇਸ ਦੌਰਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਰੂਪ ਰੇਖਾ ਦੇ ਨਾਲ-ਨਾਲ ਸਿੱਖ ਸਾਹਿਤ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਅਤੇ ਵਿਦਿਅਕ ਅਦਾਰਿਆਂ ਦੇ ਮਾਮਲੇ ਵਿਚਾਰੇ ਗਏ।

ਇਕੱਤਰਤਾਵਾਂ ਮਗਰੋਂ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਇਤਿਹਾਸਕ ਗੁਰਦੁਆਰਾ ਸਾਹਿਬਾਨ ਅੰਦਰ ਸੰਗਤ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਵੱਡੀ ਗਿਣਤੀ ਵਿਚ ਰੁਮਾਲਾ ਸਾਹਿਬ ਭੇਟ ਕੀਤੇ ਜਾਂਦੇ ਹਨ, ਪਰੰਤੂ ਅਕਸਰ ਹੀ ਰੁਮਾਲਿਆਂ ਦੀ ਗੁਣਵਤਾ ਤੇ ਮਿਆਰ ਠੀਕ ਨਹੀਂ ਹੁੰਦਾ।

ਇਸ ਦੇ ਨਾਲ ਹੀ ਰੁਮਾਲਿਆਂ ਦੀ ਬਹੁਤਾਤ ਕਾਰਨ ਸਾਂਭ-ਸੰਭਾਲ ਵਿਚ ਵੱਡੀ ਸਮੱਸਿਆ ਬਣਦੀ ਹੈ। ਇਸ ਦੇ ਮੱਦੇਨਜ਼ਰ ਵਿਚਾਰ-ਵਟਾਂਦਰੇ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਗੁਰਦੁਆਰਾ ਸਾਹਿਬਾਨ ਅੰਦਰ ਵਿਸ਼ੇਸ਼ ਕਾਊਂਟਰ ਸਥਾਪਤ ਕੀਤੇ ਜਾਣਗੇ, ਜਿਥੇ ਸੰਗਤ ਰੁਮਾਲਾ ਸਾਹਿਬ ਲਈ ਯਥਾਸ਼ਕਤ ਭੇਟਾ ਜਮ੍ਹਾਂ ਕਰਵਾ ਸਕੇਗੀ।

ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸਥਾਪਤ ਕੀਤੇ ਜਾਣ ਵਾਲੇ ਕਾਊਂਟਰਾਂ ’ਤੇ ਸ਼ਰਧਾ ਅਨੁਸਾਰ ਰੁਮਾਲਿਆਂ ਲਈ ਭੇਟਾ ਜਮ੍ਹਾਂ ਕਰਵਾ ਕੇ ਰਸੀਦ ਪ੍ਰਾਪਤ ਕਰਨ ਤੇ ਗੁਰੂ ਦਰਬਾਰ ਅੰਦਰ ਰਸੀਦ ਦਿਖਾ ਕੇ ਅਰਦਾਸ ਕਰਵਾਉਣ। ਉਨ੍ਹਾਂ ਕਿਹਾ ਕਿ ਰੁਮਾਲਾ ਸਾਹਿਬ ਲਈ ਪੁੱਜਣ ਵਾਲੀ ਭੇਟਾ ਕੌਮ ਦੇ ਉਜਲੇ ਭਵਿੱਖ ਲਈ ਵਰਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਸਿਰੋਪਾਓ ਦੀ ਵਰਤੋਂ ਇਸ ਦੀ ਭਾਵਨਾ ਅਤੇ ਧਾਰਮਿਕ ਮਹੱਤਵ ਅਨੁਸਾਰ ਯਕੀਨੀ ਬਣਾਉਣ ਲਈ ਬੀਤੇ ਵਿਚ ਸ਼ੁਰੂ ਕੀਤੇ ਗਏ ਯਤਨਾਂ ਨੂੰ ਹੋਰ ਪੁਖ਼ਤਗੀ ਨਾਲ ਲਾਗੂ ਕੀਤਾ ਜਾਵੇਗਾ। ਇਸ ਨੂੰ ਸੰਕੋਚ ਕੇ ਕੇਵਲ ਧਾਰਮਿਕ ਤੇ ਪੰਥਕ ਸ਼ਖ਼ਸੀਅਤਾਂ ਤੱਕ ਹੀ ਸੀਮਤ ਕੀਤਾ ਜਾਵੇਗਾ।

ਐਡਵੋਕੇਟ ਧਾਮੀ ਨੇ ਹੋਰ ਫੈਸਲਿਆਂ ਬਾਰੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਦੀ 400 ਸਾਲਾ ਜਨਮ ਸ਼ਤਾਬਦੀ ਇਸੇ ਸਾਲ 22 ਨਵੰਬਰ ਨੂੰ ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਜਲੰਧਰ ਵਿਖੇ ਪੰਥਕ ਜਾਹੋ-ਜਲਾਲ ਨਾਲ ਮਨਾਈ ਜਾਵੇਗੀ।

ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਵੱਖ-ਵੱਖ ਈ-ਕੌਮਰਸ ਵੈੱਬਸਾਈਟਾਂ ਤੇ ਐਪਸ ’ਤੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ, ਸੈਂਚੀਆਂ ਦੀ ਕੀਤੀ ਜਾ ਰਹੀ ਆਨਲਾਈਨ ਵਿਕਰੀ ਦਾ ਵੀ ਸਖ਼ਤ ਨੋਟਿਸ ਲੈ ਕੇ ਇਸ ’ਤੇ ਮੁਕੰਮਲ ਪਾਬੰਦੀ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਕਿਉਂਕਿ ਇਸ ਨਾਲ ਗੁਰਬਾਣੀ ਦੀ ਮਾਣ-ਮਰਯਾਦਾ ਤੇ ਸਤਿਕਾਰ ਨੂੰ ਢਾਅ ਲੱਗ ਰਹੀ ਹੈ।

ਉਨ੍ਹਾਂ ਕਿਹਾ ਕਿ ਪਾਸ ਕੀਤੇ ਗਏ ਮਤੇ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿਚ ਇਸ ’ਤੇ ਕੌਮ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ, ਤਾਂ ਜੋ ਇਸ ਵਰਤਾਰੇ ਨੂੰ ਠੱਲ੍ਹ ਪੈ ਸਕੇ।

ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਸ. ਹਰਭਜਨ ਸਿੰਘ ਮਸਾਣਾ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ਼ ਸਿੰਘ ਪਨੂੰ, ਸ. ਤੇਜਿੰਦਰਪਾਲ ਸਿੰਘ ਲਾਡਵਾ, ਸ. ਪ੍ਰਿਤਪਾਲ ਸਿੰਘ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਮੀਤ ਸਿੰਘ ਬੂਹ, ਸ. ਅਜਮੇਰ ਸਿੰਘ ਖੇੜਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਗੁਰਲਾਲ ਸਿੰਘ,

ਸ. ਗੁਰਨਾਮ ਸਿੰਘ ਜੱਸਲ, ਸਿੱਖ ਇਤਿਹਾਸ ਰੀਸਰਚ ਬੋਰਡ ਦੇ ਮੈਂਬਰ ਡਾ. ਪਰਮਵੀਰ ਸਿੰਘ, ਡਾ. ਇੰਦਰਜੀਤ ਸਿੰਘ ਗੋਗੋਆਣੀ, ਸ. ਹਰਵਿੰਦਰ ਸਿੰਘ ਖ਼ਾਲਸਾ, ਡਾ. ਪ੍ਰਭਜੋਤ ਕੌਰ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਇੰਜੀ: ਸੁਖਮਿੰਦਰ ਸਿੰਘ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਿੰਦਰ ਸਿੰਘ ਮਥਰੇਵਾਲ, ਯੂਨੀਵਰਸਿਟੀ ਦੇ ਡੀਨ ਡਾ. ਏਪੀ ਸਿੰਘ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ. ਸ਼ਾਹਬਾਜ਼ ਸਿੰਘ, ਸ. ਗੁਰਚਰਨ ਸਿੰਘ ਕੁਹਾਲਾ, ਸ. ਹਰਭਜਨ ਸਿੰਘ ਵਕਤਾ, ਸਹਾਇਕ ਡਾਇਰੈਕਟਰ ਵਿਦਿਆ ਬੀਬੀ ਸਤਵੰਤ ਕੌਰ, ਇੰਚਾਰਜ ਡਾ. ਜੋਗੇਸ਼ਵਰ ਸਿੰਘ, ਸ. ਕਾਰਜ ਸਿੰਘ, ਸ. ਗੁਰਪ੍ਰਤਾਪ ਸਿੰਘ ਤੇ ਸ. ਬਲਦੇਵ ਸਿੰਘ ਆਦਿ ਮੌਜੂਦ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ