Thursday, October 3, 2024
spot_img
spot_img
spot_img
spot_img
spot_img

ਲੋਕ ਸਰੋਕਾਰਾਂ ਦੀ ਬਾਤ ਪਾਏਗਾ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਅਮੋਲਕ ਸਿੰਘ
ਚੰਡੀਗੜ੍ਹ, ਅਕਤੂਬਰ 2, 2024:

ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਅੱਜ ਸਭਿਆਚਾਰਕ ਵਿੰਗ, ਮੇਲਾ ਤਿਆਰੀ ਕਮੇਟੀ, ਕੁਇਜ਼, ਗਾਇਨ, ਭਾਸ਼ਣ, ਪੇਂਟਿੰਗ ਮੁਕਾਬਲਾ, ਵਲੰਟੀਅਰ, ਪੁਸਤਕ ਪ੍ਰਦਰਸ਼ਨੀ ਕਮੇਟੀਆਂ ਅਤੇ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਭਰਵਾਂ ਯੋਗਦਾਨ ਪਾਉਣ ਵਾਲੀਆਂ ਸਭਿਆਚਾਰਕ ਵਿੰਗ ਨਾਲ ਜੁੜੀਆਂ ਸਖ਼ਸ਼ੀਅਤਾਂ ਦੀ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਈ ਭਰਵੀਂ ਮੀਟਿੰਗ ’ਚ ਮੇਲੇ ਦੀ ਰੂਪਰੇਖਾ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਗੰਭੀਰ ਵਿਚਾਰਾਂ ਹੋਈਆਂ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 7 ਨਵੰਬਰ ਸ਼ਾਮ 4 ਵਜੇ ਪੁਸਤਕ ਸਭਿਆਚਾਰ ਤੇ ਵਿਚਾਰ-ਚਰਚਾ ਅਤੇ ਚਿੱਤਰਕਲਾ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਸ਼ੁਰੂ ਹੋਣ ਵਾਲਾ ਮੇਲਾ ਕਾਰਪੋਰੇਟ ਅਤੇ ਫਾਸ਼ੀਵਾਦ ਵਿਰੁੱਧ ਸੰਘਰਸ਼ਾਂ ਨੂੰ ਸਮਰਪਤ ਹੋਣ ਕਰਕੇ ਵਿਸ਼ਵ ਭਰ ਦੇ ਲੋਕਾਂ ਉਪਰ ਲੱਦੀਆਂ ਜਾ ਰਹੀਆਂ ਨਿਹੱਕੀਆਂ ਜੰਗਾਂ, ਤੇਜ ਕੀਤੇ ਜਾ ਰਹੇ ਫ਼ਿਰਕੂ ਫਾਸ਼ੀ ਹੱਲੇ, ਵੱਖ-ਵੱਖ ਮੁਲਕਾਂ ਵਾਂਗ ਸਾਡੇ ਮੁਲਕ ਦੇ ਕੁਦਰਤੀ ਮਾਲ ਖਜ਼ਾਨਿਆਂ ਅਤੇ ਮਨੁੱਖੀ ਕਿਰਤ ਦੀ ਅੰਨ੍ਹੀ ਲੁੱਟ ਖਿਲਾਫ਼ ਮਘਦੇ ਭਖ਼ਦੇ ਲੋਕ ਸੰਘਰਸ਼ਾਂ ਨੂੰ ਕੇਂਦਰ ਵਿੱਚ ਰੱਖਦਾ, ਆਵਾਮ ਦੀ ਪੀੜਾ, ਨਾਬਰੀ ਅਤੇ ਸੋਹਣੇ ਸਮਾਜ ਦੀ ਖਾਹਿਸ਼ ਦੀ ਤਰਜ਼ਮਾਨੀ ਕਰੇਗਾ।

ਮੇਲੇ ਦੇ ਦਿਨਾਂ ’ਚ ਹਾਲ ਅੰਦਰ ਸਿਰਜੇ ਜਾ ਰਹੇ ਕਾਂਸ਼ੀ ਰਾਮ ਮੜੌਲੀ ਨਗਰ, ਅਜੀਤ ਸਿੰਘ ਮੰਚ ਅਤੇ ‘ਜੁਲੀਅਸ ਫਿਊਚਕ ਪ੍ਰਦਰਸ਼ਨੀ’ ਨਾਲ ਇਹ ਮੇਲਾ ਇਤਿਹਾਸਕ ਵਿਰਾਸਤ ਦੀ ਅਤੀਤ ਨੂੰ ਅਜੋਕੇ ਸਮੇਂ ਅਤੇ ਆਉਣ ਵਾਲੇ ਕੱਲ੍ਹ ਨਾਲ ਜੋੜੇਗਾ।

ਮੇਲੇ ’ਚ 8 ਨਵੰਬਰ ਨੂੰ ਕੁਇਜ਼, ਗਾਇਨ, ਭਾਸ਼ਣ ਅਤੇ ਪੇਂਟਿੰਗ ਮੁਕਾਬਲਾ ਹੋਏਗਾ। ਵਿਚਾਰ-ਚਰਚਾ ਹੋਵੇਗੀ ਜਿਸ ਵਿੱਚ ਮੁੱਖ ਵਕਤਾ ਐਡਵੋਕੇਟ ਰਾਜਿੰਦਰ ਸਿੰਘ ਚੀਮਾ ਅਤੇ ਅਪੂਰਵਾਨੰਦ, ਕਵੀ-ਦਰਬਾਰ, ਫ਼ਿਲਮ ਸ਼ੋਅ, ਸੰਜੇ ਕਾਕ ਅਤੇ ਆਨੰਦਵਟਵਰਧਨ ਦੇ ਵਿਚਾਰ ਸਾਂਝੇ ਹੋਣਗੇ। ਪੇਂਟਿੰਗ ਮੁਕਾਬਲਾ ਦੇ ਇਨਾਮ-ਸਨਮਾਨ ਵੰਡ ਮੌਕੇ ਵਿਦਿਆਰਥੀਆਂ ’ਚ ਵਿਗਿਆਨਕ ਸੋਚ ਬਾਰੇ ਵਿਚਾਰਾਂ ਅਤੇ ਬਾਲ ਕਲਾਕਾਰਾਂ ਵੱਲੋਂ ਜਲ੍ਹਿਆਂਵਾਲਾ ਬਾਗ਼ ਦੀ ਖ਼ੂਨੀ ਵਿਸਾਖੀ ਓਪੇਰੇ ਦੀ ਝਲਕ ਪੇਸ਼ ਕੀਤੀ ਜਾਏਗੀ।

ਮੇਲੇ ਦੇ ਸਿਖਰਲੇ ਦਿਨ 9 ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਹਰਦੇਵ ਅਰਸ਼ੀ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ। ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਵਿੱਚ ਲੱਗੀ ਵਰਕਸ਼ਾਪ ’ਚ ਤਿਆਰ ਕੀਤਾ ਅਮੋਲਕ ਸਿੰਘ ਦਾ ਲਿਖਿਆ ਸੱਤਪਾਲ ਪਟਿਆਲਾ ਅਤੇ ਕਰਾਂਤੀਪਾਲ ਬਿਆਸ ਦੀ ਨਿਰਦੇਸ਼ਨਾ ’ਚ ਸੰਗੀਤ ਓਪੇਰਾ ਝੰਡੇ ਦਾ ਗੀਤ ਹੋਏਗਾ। ਗੀਤ-ਸੰਗੀਤ ਮਗਰੋਂ ‘ਖੇਤੀ ਅਤੇ ਪਾਣੀ ਸੰਕਟ’ ਉਪਰ ਕਮੇਟੀ ਦੇ ਪ੍ਰਤੀਨਿੱਧ ਵਿਚਾਰ-ਚਰਚਾ ਕਰਨਗੇ।

ਸ਼ਾਮ 6:30 ਵਜੇ ਗੀਤਾਂ ਦੀ ਲੜੀ ਨਾਲ ਸ਼ੁਰੂ ਹੋਣ ਵਾਲੀ ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਆਗਾਜ਼ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਦੇ ਸੁਨੇਹੇ ਨਾਲ ਹੋਏਗਾ।

ਇਸ ਰਾਤ ‘ਪੋਸਟਰ’ (ਚਕਰੇਸ਼ ਚੰਡੀਗੜ੍ਹ), ‘ਧਰਤੀ ਦੀ ਧੀ: ਐਟੀਗਨੀ’ (ਕੇਵਲ ਧਾਲੀਵਾਲ), ‘ਗੁੰਮਸ਼ੁਦਾ ਔਰਤ’ (ਅਨੀਤਾ ਸ਼ਬਦੀਸ਼), ‘ਰਾਖਾ’ (ਬਲਰਾਜ ਸਾਗਰ), ‘ਹਨੇਰ ਨਗਰੀ’ (ਜਸਵਿੰਦਰ ਪੱਪੀ) ਅਤੇ ਇਪਟਾ ਦੇ ਅਵਤਾਰ ਚੜਿਕ ਅਤੇ ਸਾਥੀ ‘ਭੰਡ ਮੇਲੇ ਆਏ’ ਪੇਸ਼ ਕਰਨਗੇ। ਇਸ ਤੋਂ ਇਲਾਵਾ ਮੇਲੇ ਵਿੱਚ ਦਿਨ ਅਤੇ ਰਾਤ ਵੇਲੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਗੁਰਪਿੰਦਰ ਗੜ੍ਹਦੀਵਾਲਾ, ਧਰਮਿੰਦਰ ਮਸਾਣੀ, ਨਰਗਿਸ, ਅੰਮ੍ਰਿਤਪਾਲ ਫਿਲੌਰ ਆਦਿ ਗਾਇਕਾਂ ਵੱਲੋਂ ਗੀਤ-ਸੰਗੀਤ ਹੋਵੇਗਾ।

ਅੱਜ ਦੀ ਮੀਟਿੰਗ ’ਚ ਪਾਸ ਮਤੇ ’ਚ ਕਨੇਡੀਅਨ ਹਕੂਮਤ ਤੋਂ ਮੰਗ ਕੀਤੀ ਗਈ ਕਿ ਉਹ ਨੌਜਵਾਨਾਂ ਵਿਦਿਆਰਥੀਆਂ ਉਪਰ ਉਜਾੜੇ ਦੀ ਤਲਵਾਰ ਲਟਕਾਈ ਰੱਖਣ ਦੀ ਬਜਾਏ ਉਹਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਤੁਰੰਤ ਪੂਰਤੀ ਕਰੇ।

ਉਹਨਾਂ ਮੰਗ ਕੀਤੀ ਕਿ ਭਾਰਤ ਸਰਕਾਰ ਕੂਟਨੀਤਕ ਪੈਰਵਈ ਕਰਕੇ ਕਨੇਡੀਅਨ ਸਰਕਾਰ ਨੂੰ ਉਜਾੜੇ ਦਾ ਫੈਸਲਾ ਵਾਪਸ ਲੈਣ ਲਈ ਜ਼ੋਰ ਪਾਵੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਹੱਕਾਂ ਲਈ ਜੂਝਦੇ ਨੌਜਵਾਨਾਂ ਨੂੰ ਗ਼ਦਰ ਲਹਿਰ ਦੀ ਮਹਾਨ ਵਿਰਾਸਤ ਤੋਂ ਰੌਸ਼ਨੀ ਲੈਣ ਦੀ ਅਪੀਲ ਵੀ ਕੀਤੀ ਹੈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ