ਯੈੱਸ ਪੰਜਾਬ
ਗੁਰਦਾਸਪੁਰ, 24 ਅਗਸਤ, 2024
ਗੁਰਦਾਸਪੁਰ ਵਿੱਚ ਇੱਕ ਇਸਾਈ ਪਾਸਟਰ ਵੱਲੋਂ ਭੂਤ ਕੱਢਣ ਦੇ ਨਾਂਅ ’ਤੇ ਆਪਣੇ ਸਾਥੀਆਂ ਨਾਲ ਇੱਕ ਵਿਅਕਤੀ ਦੀ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਸਦੀ ਮੌਤ ਹੋ ਗਈ।
ਘਟਨਾ ਗੁਰਦਾਸਪੁਰ ਦੇ ਪਿੰਡ ਸਿੰਘਪੁਰ ਵਿਖ਼ੇ ਵਾਪਰੀ ਜਿੱਥੇ ਸੈਮੂਅਲ ਮਸੀਹ ਨਾਂਅ ਦੇ ਇੱਕ ਵਿਅਕਤੀ ਨੂੰ ਕੁਝ ਸਮੱਸਿਆ ਹੋਣ ’ਤੇ ਪਰਿਵਾਰ ਵੱਲੋਂ ਉਸਨੂੰ ਪਾਸਟਰ ਕੋਲ ਲਿਜਾਇਆ ਗਿਆ।
ਪਰਿਵਾਰਕ ਮੈਂਬਰਾਂ ਅਨੁਸਾਰ ਪਾਸਟਰ ਨੇ ਸੈਮੂਅਲ ਦਾ ਕੋਈ ਦਵਾ ਦਾਰੂ ਕਰਨ ਦੀ ਜਗ੍ਹਾ ਆਪਣੇ 7-8 ਸਾਥੀ ਹੋਰ ਬੁਲਾ ਕੇ ਉਸਦੀ ਇੰਨੀ ਕੁੱਟਮਾਰ ਕੀਤੀ ਕਿ ਸੈਮੂਅਲ ਦੀ ਮੌਤ ਹੋ ਗਈ। ਸੈਮੂਅਲ ਦੀ ਮਾਤਾ ਦਾ ਦੋਸ਼ ਹੈ ਕਿ ਜਦ ਸੈਮੂਅਲ ਦੀ ਮੌਤ ਹੋ ਗਈ ਤਾਂ ਪਾਦਰੀ ਅਤੇ ਉਸਦੇ ਸਾਥੀ ਉਸਦੇ ਹੱਥ ਪੈਰ ਬੱਝੇ ਹੋਏ ਉਸਨੂੰ ਮੰਜੇ ’ਤੇ ਪਾ ਕੇ ਆਪ ਚਲੇ ਗਏ।
ਪਰਿਵਾਰ ਲਗਪਗ 2 ਦਿਨ ਚੁੱਪ ਰਿਹਾ ਪਰ ਫ਼ਿਰ ਰਿਸ਼ਤੇਦਾਰਾਂ ਅਤੇ ਵਾਕਿਫ਼ਾਂ ਵੱਲੋਂ ਇਤਰਾਜ਼ ਉਠਾਉਣ ’ਤੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ’ਤੇ ਪੁਲਿਸ ਨੇ ਡਿਊਟੀ ਮੈਜਿਸਟਰੇਟ ਨੂੰ ਨਾਲ ਲੈ ਕੇ ਸੈਮੂਅਲ ਮਸੀਹ ਦੀ ਕਬਰ ਪੱਟ ਕੇ ਉਸ ਦੀ ਲਾਸ਼ ਕੱਢੀ ਅਤੇ ਪੋਸਟਮਾਰਟਮ ਲਈ ਭੇਜੀ ਹੈ।
ਪੁਲਿਸ ਨੇ ਇਸ ਸੰਬੰਧ ਵਿੱਚ ਪਾਦਰੀ ਸਣੇ 9 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।