Sunday, November 24, 2024
spot_img
spot_img
spot_img

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਯਾਦ ਕਰਦਿਆਂ – ਸੁਖਦੇਵ ਸਿੰਘ ਭੂਰਾ ਕੋਹਨਾ (26 ਅਗਸਤ ਨੂੰ ਬਰਸੀ ’ਤੇ ਵਿਸ਼ੇਸ਼)

ਯੈੱਸ ਪੰਜਾਬ
ਅਗਸਤ 24, 2024:

ਸਾਰੀ ਉਮਰ ਪੁਰਾਤਨ ਸਿੱਖ ਮਰਿਆਦਾ ਅਤੇ ਪਰੰਪਰਾਵਾਂ ਦੇ ਪਹਿਰੇਦਾਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਜਨਮ ਪਿਤਾ ਸ. ਪ੍ਰੀਤਮ ਸਿੰਘ ਦੇ ਗ੍ਰਹਿ ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਪਿੰਡ ਭਿੱਖੀਵਿੰਡ, ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ  ( ਹਾਲ ਜ਼ਿਲ੍ਹਾ ਤਰਨ ਤਾਰਨ ) ਵਿਖੇ 15 ਜਨਵਰੀ 1963 ਨੂੰ ਹੋਇਆ।

ਆਪ ਨੇ ਭਾਵੇਂ ਦੁਨਿਆਵੀ ਵਿੱਦਿਆ ਪ੍ਰਾਇਮਰੀ ਤੱਕ ਹੀ ਪ੍ਰਾਪਤ ਕੀਤੀ ਪਰ ਬਚਪਨ ’ਚ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਰਪ੍ਰਸਤੀ ਵਿਚ ਰਹਿ ਕੇ ਗੁਰਮਤਿ ਦੀ ਵਿਦਿਆ ਵਿਚ ਪ੍ਰਬੀਨਤਾ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ।

ਉਪਰੰਤ ਆਪ ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਦਲ ਬਾਬਾ ਬਿਧੀ ਚੰਦ ਜੀ ਦੇ ਮਹਾਂਪੁਰਖ ਸੰਤ ਬਾਬਾ ਸੋਹਣ ਸਿੰਘ ਜੀ, ਸੰਤ ਬਾਬਾ ਦਯਾ ਸਿੰਘ ਜੀ ਤੇ ਮੌਜੂਦਾ ਮੁਖੀ ਸੰਤ ਬਾਬਾ ਅਵਤਾਰ ਸਿੰਘ ਜੀ ਨਾਲ ਵੀ ਲੰਬਾ ਸਮਾਂ ਸੰਗਤ ਕੀਤੀ।

ਆਪ ਦਾ ਅਨੰਦ ਕਾਰਜ ਸੁਰਸਿੰਘ ਨਿਵਾਸੀ ਸ. ਸਾਧਾ ਸਿੰਘ ਦੀ ਸਪੁੱਤਰੀ ਬੀਬੀ ਬਲਜਿੰਦਰ ਕੌਰ ਨਾਲ ਹੋਇਆ। ਆਪ ਦੇ ਘਰ ਚਾਰ ਸਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ ।

1982 ਵਿਚ ਗਿਆਨੀ ਜਗਤਾਰ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਖੰਡਪਾਠੀ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ।

ਫਰਵਰੀ 1987 ਵਿਚ ਦਮਦਮੀ ਟਕਸਾਲ ਦੇ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਆਪ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਹਿ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਭਰਤੀ ਕਰਵਾ ਦਿੱਤਾ। ਸੰਨ 1989 ’ਚ ਇਤਿਹਾਸਕ ਗੁਰਦੁਆਰਾ ਪਿੱਪਲੀ ਸਾਹਿਬ (ਅੰਮ੍ਰਿਤਸਰ) ਵਿਖੇ ਕਥਾਵਾਚਕ ਨਿਯੁਕਤ ਹੋਏ।

ਸ਼ੁੱਧ ਗੁਰਬਾਣੀ ਅਤੇ ਕਥਾ ਤੋਂ ਪ੍ਰਭਾਵਿਤ ਹੋ ਕੇ 15 ਮਾਰਚ 2001 ਨੂੰ ਗਿਆਨੀ ਜਗਤਾਰ ਸਿੰਘ ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਪਦ-ਉਨਤ ਕੀਤਾ ਅਤੇ 20 ਨਵੰਬਰ 2012 ’ਚ ਆਪ ਨੂੰ ਵਧੀਕ ਮੁੱਖ ਗ੍ਰੰਥੀ ਵਜੋਂ ਸੇਵਾਵਾਂ ਸੌਂਪੀਆਂ ਗਈਆਂ।

ਉਪਰੰਤ 15 ਅਗਸਤ 2013 ਨੂੰ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਹ ਸੇਵਾ ਨਿਰੰਤਰ 22 ਨਵੰਬਰ 2022 ਤੱਕ ਕੀਤੀ।

ਕਰੋਨਾ ਕਾਲ ਸਮੇਂ ਜਦ ਦੁਨੀਆ ਭਰ ਦੇ ਧਾਰਮਿਕ ਅਸਥਾਨਾਂ ਦੇ ਦਰਵਾਜੇ ਬੰਦ ਕਰ ਦਿੱਤੇ ਗਏ ਤਾਂ ਗਿਆਨੀ ਜਗਤਾਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਸਟਾਫ ਨਾਲ ਤਾਲ-ਮੇਲ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਿੱਤ ਦੀ ਮਰਿਆਦਾ ਵਿਚ ਰੁਕਾਵਟ ਨਹੀਂ ਆਉਣ ਦਿੱਤੀ ਅਤੇ ਨਾ ਹੀ ਸੰਗਤ ਦੇ ਦਰਸ਼ਨ-ਦੀਦਾਰ ਵਿਚ ਕੋਈ ਰੁਕਾਵਟ ਆਉਣ ਦਿੱਤੀ।

ਸਿੰਘ ਸਾਹਿਬ ਗੁਰਬਾਣੀ ਦੇ ਸ਼ੁੱਧ ਉਚਾਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਰਾਗਬੱਧ ਕੀਰਤਨ ਦੀ ਮਰਿਆਦਾ ਲਈ ਹਮੇਸ਼ਾ ਯਤਨਸ਼ੀਲ ਰਹੇ।

ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਆਖਰੀ ਸਾਹਾਂ ਤੱਕ ਗੁਰਮਤਿ ਸਿਧਾਂਤਾਂ, ਮਰਿਆਦਾ ਦੀ ਪਹਿਰੇਦਾਰੀ, ਗੁਰਬਾਣੀ ਅਤੇ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਨੂੰ ਸਮਰਪਤਿ ਰਹੇ।

ਅਕਾਲ ਪੁਰਖ ਦੇ ਭਾਣੇ ਅਨੁਸਾਰ 27 ਅਗਸਤ 2023 ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਪਰਿਵਾਰ ਅਤੇ ਪੰਥ ਨੂੰ ਸਦੀਵੀ ਵਿਛੋੜਾ ਦੇ ਗਏ।

ਆਪ ਦੀ ਪਹਿਲੀ ਬਰਸੀ 26 ਅਗਸਤ 2024, ਦਿਨ ਸੋਮਵਾਰ ਨੂੰ ਗੁਰਦੁਆਰਾ ਛਬੀਲ ਬਾਬਾ ਸਵਾਇਆ ਸਿੰਘ ਜੀ, ਛਾਉਣੀ ਦਲ ਬਾਬਾ ਬਿਧੀ ਚੰਦ ਜੀ, ਚਾਟੀਵਿੰਡ ਚੌਂਕ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ, ਸ੍ਰੀ ਅੰਮ੍ਰਿਤਸਰ ਵਿਖੇ ਸ਼ਰਧਾ-ਸਤਿਕਾਰ ਨਾਲ ਮਨਾਈ ਜਾ ਰਹੀ ਹੈ, ਜਿਸ ਵਿਚ ਸਿੰਘ ਸਾਹਿਬਾਨ, ਸਮੂਹ ਸਿੱਖ ਸੰਪਰਦਾਵਾਂ, ਕਾਰ ਸੇਵਾ ਵਾਲੇ ਮਹਾਂਪੁਰਖ, ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਤ ਸਮਾਜ ਦੇ ਆਗੂ ਸ਼ਮੂਲੀਅਤ ਕਰ ਰਹੇ ਹਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ