ਯੈੱਸ ਪੰਜਾਬ
ਚੰਡੀਗੜ੍ਹ, 17 ਅਗਸਤ, 2024
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁ ਸਰਪ੍ਰਸਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਮੁੰਬਈ ਦੇ ਚਰਚ ਗੇਟ-ਵਿਰਾੜ ਵਿਖੇ ਏਸੀ ਰੇਲਗੱਡੀ ‘ਤੇ ਯਾਤਰੀ ਅਨਿਕੇਤ ਭੋਸਲੇ ਅਤੇ ਮੁੱਖ ਟਿਕਟ ਇੰਸਪੈਕਟਰ ਜਸਬੀਰ ਸਿੰਘ ਨਾਲ ਬਦਸਲੂਕੀ ਕਰਨ ਦੀ ਤਾਜ਼ਾ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਮਾਮਲਾ ਇੱਕ ਸਾਧਾਰਨ ਤਕਰਾਰ ਤੋਂ ਝਗੜੇ ਤੱਕ ਪਹੁੰਚ ਗਿਆ, ਜਿਸ ਦੌਰਾਨ ਅਨਿਕੇਤ ਭੋਸਲੇ ਅਤੇ ਹੋਰਨਾਂ ਯਾਤਰੂਆਂ ਨੇ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਾਲ ਸੰਬੰਧਿਤ ਜਸਬੀਰ ਸਿੰਘ ਦਾ ਨਿਰਾਦਰ ਕੀਤਾ ਜੋ ਆਪਣੀ ਡਿਊਟੀ ਦੌਰਾਨ, ਆਪਣੀ ਸਰਕਾਰੀ ਤੌਰ ‘ਤੇ ਜ਼ਿੰਮੇਵਾਰੀ ਨਿਭਾਅ ਰਹੇ ਸਨ।
ਇੱਕ ਅੰਮ੍ਰਿਤਧਾਰੀ ਵਿਅਕਤੀ ਜੋ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਵਾਲੇ ਗੁਰਸਿੱਖ ਅਧਿਕਾਰੀ ਜਸਬੀਰ ਸਿੰਘ ਨਾਲ ਨਫ਼ਰਤ ਭਰੇ ਵਤੀਰੇ ‘ਤੇ ਰੋਸ ਪ੍ਰਗਟ ਕਰਦਿਆਂ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਐਡਵੋਕੇਟ ਢੀਂਗਰਾ ਨੇ ਕੇਂਦਰੀ ਰਾਜ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੱਤਰ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਵਕਾਲਤ ਕੀਤੀ ਹੈ।
ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿ ਬਿਨਾਂ ਟਿਕਟ ਯਾਤਰਾ ਕਰਨਾ ਭਾਰਤੀ ਰੇਲ ਨਿਯਮਾਂ ਦੀ ਉਲੰਘਣਾ ਹੈ, ਉਨ੍ਹਾਂ ਚੀਫ਼ ਟਿਕਟ ਇੰਸਪੈਕਟਰ ਜਸਬੀਰ ਸਿੰਘ ਪ੍ਰਤੀ ਅਨਿਕੇਤ ਭੋਸਲੇ ਅਤੇ ਹੋਰਨਾਂ ਵੱਲੋਂ ਕੀਤੇ ਵਿਵਹਾਰ ਨੂੰ ਅਤਿ ਨਿੰਦਣਯੋਗ ਕਰਾਰ ਦਿੱਤਾ ਹੈ।
ਇਸ ਦੁਖਦਾਈ ਘਟਨਾ ਦੌਰਾਨ, ਵੀਡੀਓ ਵਿੱਚ ਕੈਦ, ਅਨਿਕੇਤ ਭੋਸਲੇ ਜਸਬੀਰ ਸਿੰਘ ਦੀ ਦਾੜ੍ਹੀ ਖਿੱਚਣ ਦੀ ਹੱਦ ਤੱਕ ਵੀ ਚਲਾ ਗਿਆ, ਜੋ ਇੱਕ ਅੰਮ੍ਰਿਤਧਾਰੀ ਸਿੱਖ ਪ੍ਰਤੀ ਘੋਰ ਨਿਰਾਦਰ ਹੈ। ਜਨਤਕ ਥਾਵਾਂ ‘ਤੇ ਸਿੱਖਾਂ ਨਾਲ ਅਜਿਹਾ ਅਪਮਾਨਜਨਕ ਸਲੂਕ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਇਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਮੰਗ ਕੀਤੀ ਕਿ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ ਲਈ ਇਸ ਮਾਮਲੇ ਵਿੱਚ ਤੁਰੰਤ ਅਤੇ ਨਿਰਣਾਇਕ ਕਾਰਵਾਈ ਕੀਤੀ ਜਾਵੇ।