ਯੈੱਸ ਪੰਜਾਬ
ਮਾਛੀਵਾੜਾ, 17 ਅਗਸਤ, 2024
ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਵਿੱਚ ਮਾਛੀਵਾੜਾ ਵਿਖ਼ੇ ਸ਼ੁੱਕਰਵਾਰ ਰਾਤ ਕਾਰ ਸਵਾਰ ਨਸ਼ਾ ਤਸਕਰਾਂ ਨੇ ਮੋਟਰਸਾਈਕਲ ’ਤੇ ਜਾ ਰਹੇ ਤਿੰਨ ਨੌਜਵਾਨਾਂ ਨੂੰ ਦਰੜ ਦਿੱਤਾ ਜਿਸ ਦੇ ਸਿੱਟੇ ਵਜੋਂ ਇੱਕ ਨਿੱਜੀ ਬੈਂਕ ਦੇ ਮੈਨੇਜਰ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ ਜਦÇਕਿ ਦੋ ਹੋਰ ਗੰਭੀਰ ਜ਼ਖ਼ਮੀ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਭਾਵੇਂ ਪਹਿਲਾਂ ਪਹਿਲ ਇਸ ਘਟਨਾ ਨੂੰ ਮਾਤਰ ਇੱਕ ਸੜਕ ਹਾਦਸੇ ਵਜੋਂ ਵੇਖਿਆ ਜਾ ਰਿਹਾ ਸੀ ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਅਤੇ ਦਾਅਵਾ ਕੀਤਾ ਗਿਆ ਕਿ ਕਾਰ ਸਵਾਰ ਨਸ਼ਾ ਤਸਕਰਾਂ ਵੱਲੋਂ ਇਹ ਹਾਦਸਾ ਬਦਲਾ ਲਊ ਕਾਰਵਾਈ ਦੇ ਤੌਰ ’ਤੇ ਕੀਤਾ ਗਿਆ ਹੈ ਕਿਉਂਕਿ ਕੁਲਵਿੰਦਰ ਸਿੰਘ ਅਕਸਰ ਪਿੰਡ ਦੇ ਹੀ ਵਾਸੀ ਨਸ਼ਾ ਤਸਕਰਾਂ ਵੱਲੋਂ ਨਸ਼ੇ ਵੇਚੇ ਜਾਣ ਦਾ ਵਿਰੋਧ ਕਰਦਾ ਰਹਿੰਦਾ ਸੀ।
ਪਤਾ ਲੱਗਾ ਹੈ ਕਿ ਰਾਤ 11 ਵਜੇ ਦੇ ਕਰੀਬ ਕੁਲਵਿੰਦਰ ਸਿੰਘ ਅਤੇ ਦੋ ਹੋਰ ਕਿਸੇ ਦੀ ਸਹਾਇਤਾ ਲਈ ਜਾ ਰਹੇ ਸਨ ਜਦ ਕਾਰ ਨੇ ਟੱਕਰ ਮਾਰੀ।
ਅੱਜ ਇਸ ਘਟਨਾ ਦੇ ਵਿਰੋਧ ਵਿੱਚ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਸੜਕ ’ਤੇ ਰੋਸ ਪ੍ਰਗਟਾਇਆ ਤਾਂ ਇੱਕ ਪੁਲਿਸ ਕਰਮੀ ਨੇ ਪਰਿਵਾਰ ਦੇ ਖ਼ਿਲਾਫ਼ ਗ਼ਲਤ ਸ਼ਬਦਾਵਲੀ ਵਰਤੀ ਜਿਸ ਉਪਰੰਤ ਲੋਕਾਂ ਵਿੱਚ ਰੋਹ ਹੋਰ ਵਧ ਗਿਆ। ਬਾਅਦ ਵਿੱਚ ਉੱਚ ਅਧਿਕਾਰੀਆਂ ਨੇ ਉਕਤ ਪੁਲਿਸ ਕਰਮੀ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਕਰਨ ਦਾ ਹੁਕਮ ਸੁਣਾਇਆ।
ਇਸੇ ਦੌਰਾਨ ਇਸ ਮਾਮਲੇ ਵਿੱਚ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ।