ਯੈੱਸ ਪੰਜਾਬ
ਜਲੰਧਰ, 16 ਅਗਸਤ, 2024
ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿਚ ਆਜ਼ਾਦੀ ਦਿਵਸ ਸਮਾਗਮ ਪੂਰੇ ਉਤਸ਼ਾਹ, ਖੁਸ਼ੀਆਂ ਤੇ ਚਾਵਾਂ ਨਾਲ ਮਨਾਇਆ ਗਿਆ।
ਆਕਾਸ਼ਵਾਣੀ ਦੀ ਰਵਾਇਤ ਮੁਤਾਬਕ ਇਸ ਸਾਲ ਰਿਟਾਇਰ ਹੋਣ ਵਾਲੇ ਅਧਿਕਾਰਿਆਂ ਤੇ ਕਰਮਚਾਰੀਆਂ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ।
ਇਨ੍ਹਾਂ ਵਿਚ ਡਿਪਟੀ ਡਾਇਰੈਕਟਰ ਸਮਾਚਾਰ ਤੇ ਖੇਤਰੀ ਸਮਾਚਾਰ ਯੂਨਿਟ ਦੇ ਮੁਖੀ ਸ਼ਿਸ਼ੂ ਸ਼ਰਮਾ ਸ਼ਾਂਤਲ, ਸੀਨੀਅਰ ਟੈਕਨੀਸ਼ੀਅਨ ਜਤਿੰਦਰ ਸਿੰਘ, ਅਨਾਊਂਸਰ ਪ੍ਰਵੇਸ਼ ਕੁਮਾਰ ਅਤੇ ਸਹਾਇਕ ਇੰਜੀਨਿਅਰ ਮਨਜਿੰਦਰਜੀਤ ਸਿੰਘ ਸ਼ਾਮਲ ਰਹੇ।
ਕੇਂਦਰ ਦੇ ਮੁਖੀ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰਿੰਗ ਰਣਜੀਤ ਮੀਣਾ ਵੀ ਇਸ ਮੌਕੇ ਮੌਜੂਦ ਰਹੇ9 ਝੰਡਾ ਲਹਿਰਾਉਣ ਮਗਰੋਂ ਪੰਜਾਬ ਪੁਲਿਸ ਦੀ ਇਕ ਟੁਕੜੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਆਪਣੇ ਸੰਬੋਧਨ ਵਿਚ ਰਣਜੀਤ ਮੀਣਾ ਨੇ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ।
ਇਸ ਮੌਕੇ ਦੇਸ਼ ਭਗਤੀ ਦੇ ਗੀਤਾਂ ’ਤੇ ਆਧਾਰਤ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਜਦਕਿ ਗਿੱਧੇ ਤੇ ਭੰਗੜੇ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਗਈ।
ਆਕਾਸ਼ਵਾਣੀ ਦੇ ਅਧਿਕਾਰਿਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਪ੍ਰੋਗਰਾਮ ਦਾ ਖੂਬ ਆਨੰਦ ਮਾਣਿਆ।
ਰੰਗਾਰੰਗ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਕਲਾਕਾਰਾਂ ਨੂੰ ਕੇਂਦਰ ਮੁਖੀ ਰਣਜੀਤ ਮੀਣਾ, ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਅਨਿਲ ਕੁਮਾਰ ਸੰਧੂ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਪ੍ਰੋਗਰਾਮ ਅਧਿਕਾਰੀ ਪ੍ਰਤਿਸ਼ਠਾ ਜੈਨ ਅਤੇ ਅਨਾਊਂਸਰ ਸੁਖਜੀਤ ਤੇ ਬੀਰ ਬਰਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਨੇਪਰੇ ਚਾੜਣ ਵਿਚ ਵਿਸ਼ੇਸ਼ ਯੋਗਦਾਨ ਰਿਹਾ।