Thursday, December 26, 2024
spot_img
spot_img
spot_img

ਪੰਜਾਬ ਦੀ ਭਗਵੰਤ ਮਾਨ ਸਰਕਾਰ ਸ਼ਹੀਦਾਂ ਦੇ ਸੁਫ਼ਨੇ ਪੂਰੇ ਕਰਨ ਲਈ ਵਚਨਬੱਧ: ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ

ਯੈੱਸ ਪੰਜਾਬ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਗਸਤ, 2024

ਪੰਜਾਬ ਦੇ ਸਿਖਿਆ ਮੰਤਰੀ, ਉਚੇਰੀ ਸਿਖਿਆ ਤੇ ਭਾਸ਼ਾ, ਤਕਨੀਕੀ ਸਿਖਿਆ ਤੇ ਉਦਯੋਗਿਕ ਸਿਖਲਾਈ ਵਿਭਾਗਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੇਸ਼ ਦੇ 78ਵੇਂ ਸੁਤੰਤਰਤਾ ਦਿਵਸ ਮੌਕੇ ਅੱਜ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਦੇ ਗਰਾਊਂਡ ਚ ਕੌਮੀ ਝੰਡਾ ਲਹਿਰਾਇਆ।

ਉਨ੍ਹਾਂ ਇਸ ਮੌਕੇ ਦੇਸ਼ ਦੇ ਮਹਾਨ ਆਜ਼ਾਦੀ ਪ੍ਰਵਾਨਿਆਂ ਨੂੰ ਯਾਦ ਕਰਦਿਆਂ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਵੱਖ-ਵੱਖ ਲਹਿਰਾਂ ਅਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸੁਖਦੇਵ, ਸਰਦਾਰ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਲਾਲਾ ਲਾਜਪਤ ਰਾਏ, ਸ਼ਹੀਦ ਦੀਵਾਨ ਸਿੰਘ ਕਾਲੇਪਾਣੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਸਮੇਂ-ਸਮੇਂ ’ਤੇ ਆਰੰਭੇ ਗਏ ਸੰਘਰਸ਼ਾਂ ਅਤੇ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਸ ਦੀ ਪ੍ਰਤੀਬੱਧਤਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਆਪਣੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕਣ ਤੋਂ ਬਣੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀਆਂ ਤਸਵੀਰਾਂ ਲਗਾ ਕੇ ਆਪਣੀ ਆਜ਼ਾਦੀ ਪ੍ਰਵਾਨਿਆਂ ਪ੍ਰਤੀ ਸ਼ਰਧਾ ਦਾ ਪ੍ਰਮਾਣ ਦਿੱਤਾ ਹੈ।

ਸ. ਬੈਂਸ ਨੇ ਕਿਹਾ ਕਿ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਸ. ਭਗਤ ਸਿੰਘ ਦੇ ਨਾਂ ਉਤੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣ ਉਪਰੰਤ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਉਥੇ ਸ਼ਹੀਦ-ਏ-ਆਜ਼ਮ ਦਾ ਬੁੱਤ ਲਗਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਲਈ ਕੇਂਦਰ ਸਰਕਾਰ ਅੱਗੇ ਮੰਗ ਵੀ ਰੱਖੀ ਹੈ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਫ਼ੌਜੀ ਜਵਾਨਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਫ਼ੌਜੀਆਂ ਦੀ ਭਲਾਈ ਲਈ ਦ੍ਰਿੜ੍ਹ ਸੰਕਲਪ ਹੈ।
ਸਰਕਾਰ ਨੇ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ 50 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਕੀਤੀ ਹੈ। ਸਾਡੀ ਸਰਕਾਰ ਨੇ ਇਸ ਵਿੱਤੀ ਸਹਾਇਤਾ ਸਕੀਮ ਅਧੀਨ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ ਹੈ।

ਇਸੇ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰਦਿਆਂ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪਿਛਲੇ ਕਰੀਬ 28 ਮਹੀਨਿਆਂ ਦੌਰਾਨ 44 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਇਹ ਸਿਲਸਿਲਾ ਜਾਰੀ ਹੈ।

ਸੂਬੇ ਵਿੱਚ ਪੁਲਿਸ ਫੋਰਸ ਨੂੰ ਹੋਰ ਮਜ਼ਬੂਤ ਕਰਨ ਲਈ ਹਰ ਸਾਲ 1800 ਸਿਪਾਹੀ ਅਤੇ 300 ਸਬ-ਇੰਸਪੈਕਟਰ ਭਰਤੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਰੋਜ਼ਗਾਰ ਉਤਪਤੀ ਵਿਭਾਗ ਵੱਲੋਂ ਪਿਛਲੇ 28 ਮਹੀਨਿਆਂ ਦੌਰਾਨ ਸੂਬੇ ਵਿੱਚ 4208 ਪਲੇਸਮੈਂਟ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚ 2 ਲੱਖ 38 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਪਲੇਸਮੈਂਟ ਦੇ ਮੌਕੇ ਪ੍ਰਦਾਨ ਕੀਤੇ ਗਏ।

ਸਿਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵੀ ਵਚਨਬੱਧ ਹੈ। ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਇਨਾਮਾਂ ਨਾਲ ਨਿਵਾਜਿਆ ਜਾ ਰਿਹਾ ਹੈ। 11 ਨਾਮੀ ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿਛਲੇ ਦੋ ਸਾਲਾਂ ਵਿੱਚ 24ਹਜਾਰ 164 ਖਿਡਾਰੀਆਂ ਨੂੰ 75 ਕਰੋੜ ਰੁਪਏ ਦੀ ਨਗਦ ਇਨਾਮ ਰਾਸ਼ੀ ਵੰਡੀ ਗਈ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਆਈ ਭਾਰਤੀ ਹਾਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਵੱਲੋਂ ਇਕ-ਇਕ ਕਰੋੜ ਰੁਪਏ ਦੇ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਤੇ ਵਾਈਸ ਕਪਤਾਨ ਸਮੇਤ 10 ਖਿਡਾਰੀ ਪੰਜਾਬ ਤੋਂ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਓਲੰਪਿਕ ਖੇਡਾਂ ਤੇ ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਗਏ ਖਿਡਾਰੀਆਂ ਨੂੰ ਤਿਆਰੀ ਲਈ ਕ੍ਰਮਵਾਰ 15 ਲੱਖ ਅਤੇ 8 ਲੱਖ ਰੁਪਏ ਪ੍ਰਤੀ ਖਿਡਾਰੀ ਦਿੱਤੇ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ, ਜਿਸ ਤਹਿਤ ਸੂਬੇ ਦੇ ਹਰ ਬਾਸ਼ਿੰਦੇ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਨ੍ਹਾਂ ਕਲੀਨਿਕਾਂ ‘ਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 38 ਲੈਬ ਟੈਸਟ ਦੀਆਂ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ ਕਰੀਬ 1 ਕਰੋੜ 70 ਲੱਖ ਲੋਕ ਇਲਾਜ ਦੀ ਸਹੂਲਤ ਲੈ ਚੁੱਕੇ ਹਨ।

ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ 14 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ 58 ਹੋਰ ਨਵੀਆਂ ਹਾਈਟੈੱਕ ਐਂਬੂਲੈਂਸਾਂ ਪਿਛਲੇ ਦਿਨੀਂ ਲੋਕਾਂ ਨੂੰ ਸਮਰਪਿਤ ਕੀਤੀਆਂ ਹਨ ਜਿਸ ਪਿੱਛੋਂ ਸੂਬੇ ਵਿੱਚ ਕੁੱਲ 325 ਹਾਈ-ਟੈਕ ਐਂਬੂਲੈਂਸਾਂ ਲੋਕਾਂ ਦੀ ਸੇਵਾ ਵਿੱਚ ਤੈਨਾਤ ਹਨ।

ਇੰਨ੍ਹਾਂ ਐਂਬੂਲੈਂਸਾਂ ਦੀ ਮਰੀਜ਼ਾਂ ਤੱਕ ਪਹੁੰਚ ਲਈ ਸ਼ਹਿਰੀ ਖੇਤਰਾਂ ਵਿੱਚ 15 ਮਿੰਟ ਤੇ ਪੇਂਡੂ ਖੇਤਰਾਂ ਵਿੱਚ 20 ਮਿੰਟ ਦੀ ਸਮਾਂ-ਸੀਮਾ ਨਿਰਧਾਰਤ ਕੀਤੀ ਗਈ ਹੈ ਅਤੇ ਐਂਬੂਲੈਸਾਂ ਦੀ ਰੀਅਲ-ਟਾਈਮ ਟਰੈਕਿੰਗ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਸਿੱਖਿਆ ਦੇ ਖੇਤਰ ਦੀ ਗੱਲ ਕਰਦਿਆਂ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਰੌਸ਼ਨ ਭਵਿੱਖ ਲਈ ਅਸੀਂ ਆਪਣੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਇਸੇ ਲੜੀ ਤਹਿਤ ਮਾਨ ਸਰਕਾਰ ਨੇ ਸੂਬੇ ਵਿੱਚ 118 ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ।

ਸਿੱਖਿਆ ਵਿੱਚ ਵਿਆਪਕ ਸੁਧਾਰਾਂ ਅਤੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀ ਸਿੱਖਿਆ ਪ੍ਰਦਾਨ ਕਰਨ ਲਈ 200 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀਆਂ ਦੋ ਨਾਮੀ ਵਿੱਦਿਅਕ ਸਿਖਲਾਈ ਸੰਸਥਾਵਾਂ ਤੋਂ ਅਤੇ 100 ਮੁੱਖ ਅਧਿਆਪਕਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਤੋਂ ਸਿਖਲਾਈ ਦੁਆਈ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਦੇ ਪ੍ਰੈਕਟੀਕਲ ਤਜਰਬੇ ਲਈ ਚੰਦਰਯਾਨ ਦੇ ਲਾਂਚ ਮੌਕੇ ਸ੍ਰੀਹਰੀਕੋਟਾ ਭੇਜਿਆ ਗਿਆ।

ਐਨ.ਡੀ.ਏ. ਅਤੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਸਰਕਾਰ ਵੱਲੋਂ ਮੁਫਤ ਕੋਚਿੰਗ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਤਣਾਅਮੁਕਤ ਸਿੱਖਿਆ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਕੂਲ ਆਫ ਹੈਪੀਨੈਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਰਾਜ ਦੇ 137 ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਟਰਾਂਸਪੋਰਟੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।

ਹਰੇਕ ਸਰਕਾਰੀ ਸਕੂਲ ਵਾਈ ਫਾਈ ਨਾਲ ਲੈਸ ਕੀਤਾ ਗਿਆ ਹੈ, 8044 ਸਕੂਲਾਂ ਚ ਚਾਰ ਦੀਵਾਰੀ ਮੁਕੰਮਲ ਕਰ ਲਈ ਗਈ ਹੈ। ਸਰਕਾਰੀ ਸਕੂਲਾਂ ਵਿੱਚ 3000 ਨਵੇਂ ਕਲਾਸ ਰੂਮ ਬਣਾਏ ਗਏ ਹਨ।

500 ਤੋਂ ਵਧੇਰੇ ਵਿਦਿਆਰਥੀਆਂ ਦੀ ਸਮਰੱਥਾ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਚੌਕੀਦਾਰ, 100 ਤੋਂ ਵਧੇਰੇ ਵਿਦਿਆਰਥੀਆਂ ਦੀ ਸਮਰੱਥਾ ਵਾਲੇ ਸਰਕਾਰੀ ਸਕੂਲਾਂ ਚ ਸਫ਼ਾਈ ਸੇਵਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਚ ਕੈਂਪਸ ਮੈਨੇਜਰ ਨਿਯੁੱਕਤ ਕੀਤੇ ਗਏ ਹਨ।

ਅਖੀਰ ਵਿੱਚ ਉਨ੍ਹਾਂ ਭਾਰਤ ਦੇ ਸਾਰੇ ਮਹਾਨ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਦੁਹਰਾਇਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਨੂੰ ਮੁੜ ‘ਰੰਗਲਾ ਪੰਜਾਬ, ਹੱਸਦਾ ਖੇਡਦਾ ਤੇ ਖੁਸ਼ਹਾਲ ਪੰਜਾਬ’ ਬਣਾਉਣ ਲਈ ਤਤਪਰ ਹੈ ਅਤੇ ਇਸ ਦਿਸ਼ਾ ਵਿੱਚ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਰੇਡ ਦਾ ਨਿਰੀਖਣ ਵੀ ਕੀਤਾ ਜਿਸ ਵਿੱਚ ਪੰਜਾਬ ਪੁਲਿਸ ਦੀਆਂ ਪੁਰਸ਼ ਤੇ ਮਹਿਲਾ ਟੁਕੜੀਆਂ ਤਿੰਨ ਇਲਾਵਾ ਕਾਲਜ/ਸਕੂਲਾਂ ਦੇ ਐਨ ਸੀ ਸੀ ਕੈਡੇਟ ਵੀ ਸ਼ਾਮਿਲ ਸਨ। ਪਰੇਡ ਨਿਰੀਖਣ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਐਸ ਐਸ ਪੀ ਦੀਪਕ ਪਾਰਿਕ ਅਤੇ ਪਰੇਡ ਕਮਾਂਡਰ ਡੀ ਐਸ ਪੀ ਜਤਿੰਦਰ ਚੌਹਾਨ ਵੀ ਉਨ੍ਹਾਂ ਨਾਲ ਜਿਪਸੀ ਤੇ ਸਵਾਰ ਸਨ।

ਸ਼ਾਨਦਾਰ ਮਾਰਚ ਪਾਸਟ ਚ ਸ਼ਾਮਿਲ ਪੁਲਿਸ ਜੁਆਨਾਂ ਅਤੇ ਐਨ ਸੀ ਸੀ ਕੈਡੇਟਾਂ ਨੇ ਵਰ੍ਹਦੇ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਦੇ ਇਸ ਅਹਿਮ ਦਿਹਾੜੇ ਪ੍ਰਤੀ ਆਪਣੀ ਪ੍ਰਤੀਬੱਧਤਾ ਦਾ ਸਬੂਤ ਦਿੱਤਾ। ਬੁੱਲਟ ਸਵਾਰ ਅਮਨਿੰਦਰ ਸਿੰਘ ਨੇ ਮੋਟਰ ਬਾਈਕ ਸਟੰਟ ਰਾਹੀਂ ਆਜ਼ਾਦੀ ਦਿਹਾੜੇ ਮੌਕੇ ਵੱਖਰਾ ਨਜ਼ਾਰਾ ਪੇਸ਼ ਕੀਤਾ।

ਸਰਕਾਰੀ ਭਲਾਈ ਸਕੀਮਾਂ ਤੇ ਅਧਾਰਿਤ ਝਾਕੀਆਂ ਚ ਵਣ ਵਿਭਾਗ, ਸਿਹਤ ਵਿਭਾਗ, ਸੀ ਐਮ ਵਿੰਡੋ/ਆਪ ਦੀ ਸਰਕਾਰ ਆਪ ਦੇ ਦੁਆਰ, ਖੇਤੀਬਾੜੀ ਤੇ ਕਿਸਾਨ ਭਲਾਈ, ਜ਼ਿਲ੍ਹਾ ਪੁਲਿਸ ਅਤੇ ਵੇਰਕਾ ਮਿਲਕ ਪਲਾਂਟ ਮੋਹਾਲੀ ਦੀਆਂ ਸੁੰਦਰ ਸਜਾਈਆਂ ਝਾਕੀਆਂ ਸ਼ਾਮਿਲ ਸਨ।

ਦੇਸ਼ ਭਗਤੀ ਤੇ ਅਧਾਰਿਤ ਸੱਭਿਆਚਾਰਕ ਪੇਸ਼ਕਾਰੀਆਂ ਚ ਸਰਕਾਰੀ ਕੰਨਿਆ ਸਕੂਲ ਸੋਹਾਣਾ, ਏ ਪੀ ਜੇ ਸਕੂਲ ਮੁੰਡੀ ਖਰੜ, ਜੈਮ ਪਬਲਿਕ ਸਕੂਲ ਮੋਹਾਲੀ, ਨੈਸ਼ਨਲ ਪਬਲਿਕ ਸਕੂਲ ਕੁਰਾਲੀ, ਲਰਨਿੰਗ ਪਾਥ ਸਕੂਲ ਮੋਹਾਲੀ, ਸਰਕਾਰੀ ਸਕੂਲ ਕੁੰਭੜਾਂ, ਗੁਰੂ ਗੋਬਿੰਦ ਸਿੰਘ ਵਿਦਿਆ ਮੰਦਿਰ ਸਕੂਲ ਰਤਵਾੜਾ ਸਾਹਿਬ ਅਤੇ ਸੇਂਟ ਸੋਲਜਰ ਸਕੂਲ ਮੋਹਾਲੀ ਦੇ ਬੱਚੇ ਸ਼ਾਮਿਲ ਸਨ। ਸਰਕਾਰੀ ਪ੍ਰਾਇਮਰੀ ਸਕੂਲ 3ਬੀ1 ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਰਾਸ਼ਟਰੀ ਗਾਇਨ ਪੇਸ਼ ਕੀਤਾ।

ਇਸ ਮੌਕੇ ਸਮਾਜ ਚ ਵਿਲੱਖਣ ਪ੍ਰਾਪਤੀਆਂ, ਸਿਖਿਆ, ਖੇਡਾਂ ਤੇ ਹੋਰ ਖੇਤਰਾਂ ਚ ਮੱਲਾਂ ਮਾਰਨ ਵਾਲਿਆਂ ਅਤੇ ਦਫ਼ਤਰੀ ਕੰਮਾਂ ਚ ਨਿਪੁੰਨਤਾ ਦਿਖਾਉਣ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਸਟੇਜ ਤੇ ਮੌਜੂਦ ਸੁਰਜੀਤ ਕੌਰ ਪਤਨੀ ਸਵਰਗੀ ਸੁਤੰਤਰਤਾ ਸੰਗਰਾਮੀਏ ਨੱਥਾ ਸਿੰਘ ਨੂੰ ਸਿਖਿਆ ਮੰਤਰੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਜਦਕਿ ਝੱਜੋਂ ਦੇ ਸੁਤੰਤਰਤਾ ਸੰਗਰਾਮੀਏ ਸਵਰਨ ਸਿੰਘ ਤੇ ਗੁਰਦੀਪ ਸਿੰਘ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਬਿਰਧ ਅਵਸਥਾ ਦੇ ਮੱਦੇਨਜ਼ਰ ਘਰ ਜਾ ਕੇ ਸਨਮਾਨ ਦਿੱਤਾ ਗਿਆ।

ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ (ਸ਼ੌਰਿਆ ਚੱਕਰ) ਦੀ ਪਤਨੀ ਸ਼੍ਰੀਮਤੀ ਰੁਪਿੰਦਰਪਾਲ ਅਤੇ ਪੁੱਤਰ ਲੈਫ਼ਟੀਨੈਂਟ ਨਵਤੇਸ਼ਵਰ ਸਿੰਘ, ਓਪਰੇਸ਼ਨ ਰਕਸ਼ਕ ਦੇ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਂਜਿਆਂ ਦੀ ਮਾਤਾ ਮਨਜੀਤ ਕੌਰ, ਓਪਰੇਸ਼ਨ ਪਵਨ ਦੇ ਸ਼ਹੀਦ ਨਾਇਕ ਧਰਮ ਸਿੰਘ ਦੀ ਪਤਨੀ ਜਸਵਿੰਦਰ ਕੌਰ, ਭਾਰਤ-ਪਾਕਿ ਜੰਗ 1971 ਦੇ ਸ਼ਹੀਦ ਹੌਲਦਾਰ ਕੇਹਰ ਸਿੰਘ ਦੀ ਪਤਨੀ ਬਲਵੰਤ ਕੌਰ ਅਤੇ ਭਾਰਤ-ਚੀਨ ਜੰਗ ਦੇ ਸ਼ਹੀਦ ਸਿਪਾਹੀ ਅਮਰ ਸਿੰਘ ਦੀ ਪਤਨੀ ਮੁਹਿੰਦਰ ਕੌਰ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨ ਦਿੱਤਾ ਗਿਆ।

ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ 11 ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਸਿਖਿਆ ਮੰਤਰੀ ਸ. ਬੈਂਸ ਵੱਲੋਂ ਕੀਤੀ ਗਈ। ਸਿਖਿਆ ਮੰਤਰੀ ਦੀ ਪਹਿਲ ਕਦਮੀ ਐਚ ਡੀ ਐੱਫ ਸੀ ਬੈਂਕ ਵੱਲੋਂ ਮੁੱਹਈਆ ਕਾਰਵਾਈਆਂ 40 ‘ਬੈਟਰੀ ਓਪਰੇਟਿਡ’ ਈ ਬਾਈਕ-ਕਮ- ਵ੍ਹੀਲ ਚੇਅਰਜ਼ ਵੀ ਸ. ਹਰਜੋਤ ਸਿੰਘ ਬੈਂਸ ਵੱਲੋਂ ਲੋੜਵੰਦ ਵਿਦੀਆਰਥੀਆਂ ਨੂੰ ਉਪਲਬਧ ਕਰਵਾਈਆਂ ਗਈਆਂ।

ਸਮਾਗਮ ਦੌਰਾਨ ਮੋਹਾਲੀ ਦੇ ਐਮ ਐਲ ਏ ਸ. ਕੁਲਵੰਤ ਸਿੰਘ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਉਪ ਚੇਅਰਮੈਨ ਸ੍ਰੀ ਸੁਭਾਸ਼, ਪੰਜਾਬ ਯੂਥ ਡਿਵੈਲਪਲਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਪ੍ਰਭਜੋਤ ਕੌਰ, ਏ ਡੀ ਸੀ ਵਿਰਾਜ ਐਸ ਤਿੜਕੇ ਤੇ ਸੋਨਮ ਚੌਧਰੀ, ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ, ਐਸ ਡੀ ਐਮ ਦੀਪਾਂਕਰ ਗਰਗ, ਕਾਲਜ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਤੇ ਹੋਰ ਅਧਿਕਾਰੀ ਤੇ ਪਤਵੰਤੇ ਸ਼ਾਮਿਲ ਸਨ।

ਸਮਾਗਮ ਦੇ ਅਖੀਰ ਚ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੂੰ ਉਨ੍ਹਾਂ ਦੀ ਪਤਨੀ ਡਾ. ਜਯੋਤੀ ਯਾਦਵ ਅਤੇ ਮਾਤਾ ਬਲਵਿੰਦਰ ਕੌਰ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ਤੇ ਸਨਮਾਨਿਆ ਵੀ ਗਿਆ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ