ਯੈੱਸ ਪੰਜਾਬ
ਹੁਸ਼ਿਆਰਪੁਰ, 11 ਅਗਸਤ, 2024:
ਪੰਜਾਬ ਵਿੱਚ ਐਤਵਾਰ ਨੂੰ ਵਾਪਰੀ ਇਕ ਦਰਦਨਾਕ ਘਟਨਾ ਵਿੱਚ ਹੁਸ਼ਿਆਰਪੁਰ ਵਿੱਚ ਇੱਕ ਚੋਅ ਅੰਦਰ ਆਇਆ ਪਾਣੀ ਦਾ ਸੈਲਾਬ ਚੋਅ ਪਾਰ ਕਰ ਰਹੀ ਇੱਕ ਇਨੋਵਾ ਕਾਰ ਨੂੰ ਰੋੜ੍ਹ ਕੇ ਲੈ ਗਿਆ।
ਘਟਨਾ ਜੇਜੋਂ ਨੇੜਲੇ ਚੋਅ ਵਿੱਚ ਵਾਪਰੀ। ਇਸ ਕਾਰ ਵਿੱਚ ਇੱਕ ਹੀ ਪਰਿਵਾਰ ਦੇ 10 ਲੋਕ ਸਵਾਰ ਸਨ। ਪਰਿਵਾਰ ਦੇ 6 ਜੀਆਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਹੋ ਗਈਆਂ ਹਨ ਜਦਕਿ ਇੱਕ ਬੱਚੇ ਨੂੰ ਬਚਾ ਲਿਆ ਗਿਆ ਹੈ ਜਦਕਿ ਬਾਕੀ 3 ਲੋਕਾਂ ਦੀ ਭਾਲ ਅਜੇ ਜਾਰੀ ਹੈ। ਪਰਿਵਾਰ ਦੇ 10 ਲੋਕਾਂ ਤੋਂ ਇਲਾਵਾ ਕਾਰ ਦਾ ਡਰਾਈਵਰ ਵੀ ਰੁੜ੍ਹੀ ਜਾਂਦੀ ਕਾਰ ਵਿੱਚ ਸੀ ਪਰ ਉਸਨੂੰ ਵੀ ਬਚਾਅ ਲਿਆ ਗਿਆ ਹੈ ਅਤੇ ਉਸਨੂੰ ਮਾਹਲਪੁਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਹਿਮਾਚਲ ਵਿੱਚ ਊਨਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਇਹ ਪਰਿਵਾਰ ਨਵਾਂਸ਼ਹਿਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਲਈ ਜਾ ਰਿਹਾ ਸੀ ਜਦ ਐਤਵਾਰ ਲਗਪਗ 12.30 ਵਜੇ ਇਹ ਹਾਦਸਾ ਵਾਪਰ ਗਿਆ।
ਜ਼ਿਕਰਯੋਗ ਹੈ ਕਿ ਐਤਵਾਰ ਸਵੇਰ ਤੋਂ ਹੀ ਹਿਮਾਚਲ ਅਤੇ ਪੰਜਾਬ ਵਿੱਚ ਭਾਰੀ ਮੀਂਹ ਪੈ ਰਿਹਾ ਸੀ ਜਿਸ ਕਾਰਨ ਸਾਰੇ ਨਦੀਆਂ, ਨਲਿਆਂ, ਚੋਆਂ ਆਦਿ ਵਿੱਚ ਪਾਣੀ ਦਾ ਤੇਜ਼ ਵਹਾਅ ਸੀ। ਪਤਾ ਲੱਗਾ ਹੈ ਕਿ ਡਰਾਈਵਰ ਜਦ ਚੋਅ ਵਿੱਚੋਂ ਕਾਰ ਕੱਢ ਰਿਹਾ ਸੀ ਤਾਂ ਇੱਕਦਮ ਹੀ ਪਾਣੀ ਦਾ ਤੇਜ਼ ਵਹਾਅ ਆਇਆ ਜਿਹੜਾ ਕਾਰ ਨੂੰ ਨਾਲ ਹੀ ਰੋੜ੍ਹ ਕੇ ਲੈ ਗਿਆ।
ਇਨੋਵਾ ਕਾਰ ਨੂੰ ਘਟਨਾ ਵਾਲੀ ਥਾਂ ਤੋਂ ਕਾਫ਼ੀ ਦੂਰ ਤੋਂ ਪਾਣੀ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਉਸਦੀ ਹਾਲਤ ਦੱਸਦੀ ਹੈ ਕਿ ਪਾਣੀ ਦਾ ਵਹਾਅ ਕਿਹੋ ਜਿਹਾ ਰਿਹਾ ਹੋਵੇਗਾ।
ਹੁਸ਼ਿਆਰਪੁਰ ਦੇ ਐੱਸ.ਐੱਸ.ਪੀ. ਸ੍ਰੀ ਸੁਰਿੰਦਰ ਲਾਂਬਾ ਅਨੁਸਾਰ ਸਥਾਨਕ ਲੋਕਾਂ ਅਤੇ ਪਾਣੀ ਦਾ ਵਹਾਅ ਦੇਖ਼ ਕੇ ਖੜ੍ਹੀਆਂ ਕੁਝ ਹੋਰ ਗੱਡੀਆਂ ਨੇ ਇਸ ਮੰਦਭਾਗੀ ਇਨੋਵਾ ਨੂੰ ਚੋਅ ਵਿੱਚੋਂ ਨਾ ਲੰਘਣ ਬਾਰੇ ਇਸ਼ਾਰਾ ਦਿੱਤਾ ਸੀ ਪਰ ਡਰਾਈਵਰ ਨੇ ਪਾਣੀ ਦਾ ਅੰਦਾਜ਼ਾ ਨਾ ਲਾਉਂਦਿਆਂ ਗੱਡੀ ਚੋਅ ਵਿੱਚ ਉਤਾਰ ਦਿੱਤੀ ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।