ਅੱਜ-ਨਾਮਾ
ਜਿੱਤਿਆ ਕ੍ਰਿਕਟ ਦਾ ਕੱਪ ਤਾਂ ਚਾਅ ਚੋਖਾ,
ਭਾਰਤ ਮੁਲਕ ਪਿਆ ਜਾਪਦਾ ਨੱਚ ਮੀਆਂ।
ਕਿਸੇ ਦੇ ਹੰਝੂ ਪਏ ਚਾਅ ਦੇ ਨਾਲ ਵਹਿੰਦੇ,
ਭਰਿਆ ਕਿਸੇ ਦਾ ਖੁਸ਼ੀ ਨਾਲ ਗੱਚ ਮੀਆਂ।
ਕਿਸੇ ਨੂੰ ਆਂਵਦੀ ਯਾਦ ਆ ਕੌੜ ਪਿਛਲੀ,
ਟਿਪਣੀ ਕਾਰਨ ਕਾਲਜੇ ਗਏ ਮੱਚ ਮੀਆਂ।
ਅਜੋਕੀ ਘੜੀ ਇਹ ਚਾਅ ਨੇ ਠੀਕ ਬੇਸ਼ੱਕ,
ਲੁਕਾਇਆ ਜਾਣਾ ਪੁਰਾਣਾ ਨਾ ਸੱਚ ਮੀਆਂ।
ਮਿਲੀ ਆ ਜਿੱਤ ਤਾਂ ਚਾਂਭਲੇ ਫਿਰਨ ਜਿਹੜੇ,
ਹੁੰਦੀ ਜਦ ਹਾਰ ਤਾਂ ਕਦੀ ਨਾ ਜਰਨ ਮੀਆਂ।
ਪੈਸਾ ਸੱਟੇ`ਤੇ ਲਾਇਆ ਨਹੀਂ ਟਿਕਣ ਦੇਵੇ,
ਉੱਡਦੀ ਨੀਂਦਰ ਤੇ ਹਉਕੜੇ ਭਰਨ ਮੀਆਂ।
-ਤੀਸ ਮਾਰ ਖਾਂ
1 ਜੁਲਾਈ, 2024