ਯੈੱਸ ਪੰਜਾਬ
ਕੋਟਕਪੂਰਾ, 28 ਦਸੰਬਰ, 2024
ਬੱਚਿਆਂ ਤੇ ਨੌਜਵਾਨਾ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਚੰਗੇ ਇਨਸਾਨ ਬਣਨ ਲਈ ਵੱਖ-ਵੱਖ ਸਮੇਂ ਸ਼ਖਸ਼ੀਅਤ ਉਸਾਰੀ ਕੈਂਪ, ਯੂਥ ਫੈਸਟੀਵਲ ਅਤੇ ਹੋਰ ਕਾਰਜ ਕਰਨ ਵਾਲੀ ਜਥੇਬੰਦੀ ‘Guru Gobind Singh Study Circle’ ਦੇ ਉਪਰਾਲੇ ਬਹੁਤ ਹੀ ਪ੍ਰਸੰਸਾਯੋਗ ਹਨ।
ਜਥੇਬੰਦੀ ਦੇ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜੋਨਲ ਦਫਤਰ ਵਿੱਚ ਨਵਾਂ ਜਨਰੇਟਰ ਲੈਣ ਅਤੇ ਹੋਰ ਸੇਵਾਵਾਂ ਲਈ 5 ਲੱਖ ਰੁਪਏ ਦਾ ਚੈੱਕ ਸੌਂਪਣ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ Punjab ਵਿਧਾਨ ਸਭਾ ਨੇ ਆਖਿਆ ਕਿ ਭਾਵੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਬੱਚਿਆਂ ਤੇ ਨੌਜਵਾਨਾ ਨੂੰ ਚੰਗੇ ਇਨਸਾਨ ਬਣਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ ਪਰ ਹੋਰਨਾ ਸੰਸਥਾਵਾਂ, ਜਥੇਬੰਦੀਆਂ, ਕਲੱਬਾਂ, ਯੂਨੀਅਨਾਂ, ਐਸੋਸੀਏਸ਼ਨਾ ਅਤੇ ਸਭਾ-ਸੁਸਾਇਟੀਆਂ ਨੂੰ ਵੀ ਇਸ ਤਰਾਂ ਦੇ ਸੇਵਾ ਕਾਰਜ ਕਰਨੇ ਚਾਹੀਦੇ ਹਨ।
ਸਪੀਕਰ ਸੰਧਵਾਂ ਨੇ ਜਥੇਬੰਦੀ ਵਲੋਂ ਸਮਾਜਿਕ, ਧਾਰਮਿਕ ਅਤੇ ਵਾਤਾਵਰਣ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ। ਜਥੇਬੰਦੀ ਦੇ ਉਪਰਾਲਿਆਂ ਸਬੰਧੀ ਡਾ. ਐਸ ਐਸ ਬਰਾੜ, ਪ੍ਰੋ. ਐਚ ਐਸ ਪਦਮ, ਡਾ. ਮਨਜੀਤ ਸਿੰਘ ਢਿੱਲੋਂ, ਗੁਰਚਰਨ ਸਿੰਘ ਬਰਾੜ, ਪੱਪੂ ਲਹੌਰੀਆ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਜਥੇਬੰਦੀ ਦੇ ਪ੍ਰਚਾਰਕ ਡਾ. ਅਵੀਨਿੰਦਰਪਾਲ ਸਿੰਘ ਨੇ ਸਪੀਕਰ ਸ.ਸੰਧਵਾਂ ਨੂੰ ਜੀ ਆਇਆਂ ਆਖਦਿਆਂ ਜਥੇਬੰਦੀ ਦੀਆਂ ਸੇਵਾਵਾਂ ਦਾ ਸੰਕੇਤਮਾਤਰ ਜਿਕਰ ਕੀਤਾ। ਹਰਪ੍ਰੀਤ ਸਿੰਘ ਖਾਲਸਾ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ।