ਯੈੱਸ ਪੰਜਾਬ
ਅੰਮ੍ਰਿਤਸਰ, 25 ਦਸੰਬਰ, 2024
Shiromani Gurdwara Parbandhak Committee ਦੇ ਪ੍ਰਧਾਨ ਐਡਵੋਕੇਟ Harjinder Singh Dhami ਨੂੰ ਪੰਜ ਪਿਆਰਿਆਂ ਵੱਲੋਂ ਧਾਰਮਿਕ ਸਜ਼ਾ ਲਗਾਈ ਗਈ ਹੈ। ਇਹ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਸੇਵਾ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਨੂੰ ਜੋੜੇ ਸਾਫ਼ ਕਰਨ ਅਤੇ ਲੰਗਰ ਵਿੱਚ ਜੂਠੇ ਬਰਤਨ ਮਾਂਜਣ ਦੀ ਸੇਵਾ ਲਾਈ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ ਜਪੁਜੀ ਸਾਹਿਬ ਦਾ ਪਾਠ ਕਰਦੇ ਰਹਿਣ ਲਈ ਕਿਹਾ ਗਿਆ ਹੈ।
ਐਡਵੋਕੇਟ ਧਾਮੀ ਦੇ ਖ਼ਿਲਾਫ਼ ਇਹ ਕਾਰਵਾਈ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲਣ ਦੇ ਮਾਮਲੇ ਵਿੱਚ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਐਡਵੋਕੇਟ ਧਾਮੀ ਅੱਜ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲ ਪੁੱਜੇ ਜਿਨ੍ਹਾਂ ਨੇ ਉਨ੍ਹਾਂ ਨੂੰ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ।
ਇਸ ਤੋਂ ਤੁਰੰਤ ਬਾਅਦ ਉਹ ਪੰਜ ਪਿਆਰਿਆਂ ਸਾਹਮਣੇ ਪੇਸ਼ ਹੋਏ ਅਤੇ ਸੇਵਾ ਲਾਏ ਜਾਣ ਉਪਰੰਤ ਸਿੱਧੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਥਿਤ ਜੋੜਾ ਘਰ ਪੁੱਜੇ ਅਤੇ ਸੇਵਾ ਸ਼ੁਰੂ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਪੱਤਰਕਾਰ ਗੁਰਮੀਤ ਸਿੰਘ ਕੋਟਕਪੂਰਾ ਵੱਲੋਂ ਐਡਵੋਕੇਟ ਧਾਮੀ ਦਾ ਪੱਖ ਜਾਨਣ ਲਈ ਉਨ੍ਹਾਂ ਨੂੰ ਫ਼ੋਨ ਕੀਤਾ ਗਿਆ ਸੀ ਜਿਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਨਾਂਅ ਲਏ ਜਾਣ ’ਤੇ ਧਾਮੀ ਭੜਕ ਉੱਠੇ ਸਨ ਅਤੇ ਉਨਾਂ ਨੇ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲ ਦਿੱਤੇ ਸਨ।
ਐਡਵੋਕੇਟ ਧਾਮੀ ਦੀ ਉਕਤ ਗੱਲਬਾਤ ਦੀ ਆਡੀਉ ਵਾਇਰਲ ਹੋ ਗਈ ਸੀ ਜਿਸ ਮਗਰੋਂ ਐਡਵੋਕੇਟ ਧਾਮੀ ਨੇ ਖ਼ੁਦ ਹੀ ਆਪਣੀ ਗ਼ਲਤੀ ਸਵੀਕਾਰ ਕਰਕੇ ਮੁਆਫ਼ੀ ਮੰਗ ਲਈ ਗਈ ਸੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਵੀ ਲਿਖ਼ਤੀ ਤੌਰ ’ਤੇ ਮੁਆਫ਼ੀ ਦੀ ਜਾਚਨਾ ਕੀਤੀ ਸੀ।
ਇਹ ਵੀ ਯਾਦ ਰਹੇ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵੱਲੋਂ ਵੀ ਐਡਵੋਕੇਟ ਧਾਮੀ ਨੂੰ ਤਲਬ ਕੀਤਾ ਗਿਆ ਸੀ ਅਤੇ ਐਡਵੋਕੇਟ ਧਾਮੀ ਉਨ੍ਹਾਂ ਸਾਹਮਣੇ ਪੇਸ਼ ਵੀ ਹੋਏ ਸਨ। ਉਨ੍ਹਾਂ ਨੇ ਕਮਿਸ਼ਨ ਸਾਹਮਣੇ ਵੀ ਆਪਣੀ ਗ਼ਲਤੀ ਮੰਨੀ ਸੀ ਅਤੇ ਕਮਿਸ਼ਨ ਨੇ ਕਿਹਾ ਸੀ ਕਿ ਮੁਆਫ਼ੀ ਮੰਗਣਾ ਕਾਫ਼ੀ ਨਹੀਂ ਹੈ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: SGPC ਪ੍ਰਧਾਨ Adv Dhami ਨੇ Akal Takhat ਸਾਹਿਬ ਤੋਂ ਲੱਗੀ ਸੇਵਾ ਕੀਤੀ ਪੂਰੀ, ਜੋੜਾ ਘਰ ਤੇ ਬਰਤਨਾਂ ਦੀ ਸੇਵਾ ਉਪਰੰਤ ਕਰਵਾਈ ਅਰਦਾਸ