ਯੈੱਸ ਪੰਜਾਬ
ਬਠਿੰਡਾ, 8 ਦਸੰਬਰ, 2024
ਪੂਰੀ ਦੁਨੀਆਂ ਵਿੱਚ ਪੰਜਾਬੀਆਂ ਨੇ ਫਿਲਮੀ ਅਤੇ ਸੰਗੀਤ ਜਗਤ ਵਿੱਚ ਕਲਾ ਦੇ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ Punjab ਵਿਧਾਨ ਸਭਾ ਸ. Kultar Singh Sandhwan ਨੇ ਸਥਾਨਕ ਬਲਵੰਤ ਗਾਰਗੀ ਐਡੋਟੋਰੀਅਮ ਵਿੱਚ ਬਠਿੰਡਾ ਫਿਲਮ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਚੌਥੇ ਫਿਲਮ ਫੈਸਟੀਵਲ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ।
ਇਸ ਮੌਕੇ ਉਹਨਾਂ ਦੇ ਨਾਲ ਵਿਧਾਇਕ ਭੁੱਚੋ ਮੰਡੀ ਮਾਸਟਰ ਜਗਸੀਰ ਸਿੰਘ ਅਤੇ ਚੇਅਰਮੈਨ Punjab ਮੀਡੀਅਮ ਇੰਡਸਟਰ੍ਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਕਰਵਾਏ ਗਏ ਇਸ ਫਿਲਮ ਐਂਡ ਮਿਊਜਿਕ ਐਵਾਰਡ 2024 ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਸੰਧਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ।
ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਪੰਜਾਬੀ ਫਿਲਮਾਂ ਸਾਡੀ ਨਿੱਜੀ ਜ਼ਿੰਦਗੀ ਨਾਲ ਖ਼ਾਸ ਸਬੰਧ ਰੱਖਦੀਆਂ ਹਨ। ਉਨਾ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਪੰਜਾਬੀ ਫਿਲਮਾਂ ਆਪਣੇ ਪਰਿਵਾਰ ਸਮੇਤ ਬੱਚਿਆਂ ਨੂੰ ਜਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਨੇ ਕਰਵਾਏ ਗਏ ਇਸ ਫਿਲਮ ਫੈਸਟੀਵਲ ਦੀ ਸਾਰੀ ਟੀਮ ਨੂੰ ਵਧਾਈ ਦਿੰਦਿਆ ਕਿਹਾ ਕਿ ਅੱਜ ਕਲਾਕਾਰਾਂ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਕਲਾਕਾਰਾਂ ਵਿੱਚ ਬਹੁਤ ਦਮ ਹੈ, ਜੋ ਕਿ ਦੁਨੀਆਂ ਦੇ ਨਕਸ਼ੇ ‘ਤੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਫਿਲਮ ਫੈਸਟੀਵਲ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਆਈਆਂ ਸ਼ਾਰਟ ਫਿਲਮਾਂ ਦੇ ਪ੍ਰੀਮੀਅਰ ਵੀ ਕੀਤੇ ਗਏ।
ਇਸ ਮੌਕੇ ਫੈਸਟੀਵਲ ਦੇ ਡਾਇਰੈਕਟਰ ਸ. ਰਣਜੀਤ ਸਿੰਘ ਸੰਧੂ, ਪੰਜਾਬੀ ਕਲਾਕਾਰ ਹਰਸਿਮਰਨ ਸਿੰਘ ਤੋਂ ਇਲਾਵਾ ਪੰਜਾਬੀ ਫਿਲਮ ਜਗਤ ਦੀਆਂ ਪ੍ਰਮੁੱਖ ਹਸਤੀਆਂ ਤੇ ਹੋਰ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।