ਯੈੱਸ ਪੰਜਾਬ
ਲੁਧਿਆਣਾ, 3 ਦਸੰਬਰ, 2024
Punjab Agricultural University ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਆਂਗਣ ਵਿੱਚ ਉੱਚ ਪੱਧਰੀ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਦੋ ਰੋਜ਼ਾ ਗੁਲਦਾਉਦੀ ਸ਼ੋਅ ਅੱਜ ਸ਼ੁਰੂ ਹੋ ਗਿਆ। ਇਹ ਸ਼ੋਅ PAU ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਅਤੇ ਅਸਟੇਟ ਆਰਗੇਨਾਈਜ਼ੇਸ਼ਨ ਦੁਆਰਾ ਸਾਂਝੇ ਤੌਰ `ਤੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਉੱਘੇ ਪੰਜਾਬੀ ਕਵੀ Bhai Vir Singh ਦੀ ਨਿੱਘੀ ਯਾਦ ਨੂੰ ਸਮਰਪਿਤ ਹੈ। ਇਸ ਸ਼ੋਅ ਵਿੱਚ ਲੁਧਿਆਣਾ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਫੁੱਲਾਂ ਦੇ ਪ੍ਰੇਮੀ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ।
ਇਸ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ PAU ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸ਼ਾਮਿਲ ਹੋਏ । ਉਨ੍ਹਾਂ ਨੇ ਸ਼ੋਅ ਦਾ ਉਦਘਾਟਨ ਕਰਦਿਆਂ ਕਿਹਾ ਕਿ ਫੁੱਲ ਮਨੁੱਖੀ ਭਾਵਨਾਵਾਂ ਨਾਲ ਜੁੜੇ ਹੋਣ ਦੇ ਨਾਲ ਨਾਲ ਮਨੁੱਖੀ ਜਜ਼ਬਿਆਂ ਦੇ ਪ੍ਰਗਟਾਵੇ ਦਾ ਸਾਧਨ ਵੀ ਹਨ।
ਉਹਨਾਂ ਕਿਹਾ ਕਿ ਇਹ ਫੁੱਲਾਂ ਦਾ ਸ਼ੋਅ ਵੀ ਪੀ ਏ ਯੂ ਦੀ ਵਿਸ਼ੇਸ਼ ਪਛਾਣ ਬਣ ਚੁੱਕਿਆ ਹੈ। ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਭਾਈ ਵੀਰ ਸਿੰਘ ਨਾਲ ਜੋੜ ਕੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਯਾਦ ਕਰਨਾ ਬੜਾ ਸ਼ੁਭ ਸ਼ਗਨ ਹੈ। ਭਾਈ ਵੀਰ ਸਿੰਘ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ।
ਉਨ੍ਹਾਂ ਨੇ ਖਾਸ ਕਰਕੇ ਕੁਦਰਤ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਆਪਣੀਆਂ ਕਵਿਤਾਵਾਂ ਵਿਚ ਕੀਤਾ। ਇਸ ਲਿਹਾਜ਼ ਨਾਲ ਇਹ ਸ਼ੋਅ ਪੰਜਾਬ ਦੀ ਸਾਹਿਤਕ ਅਤੇ ਸੱਭਿਆਚਾਰਕ ਵਿਰਾਸਤ ਦੀ ਤਰਜ਼ਮਾਨੀ ਕਰਨ ਵਾਲਾ ਅਹਿਮ ਆਯੋਜਨ ਬਣ ਗਿਆ ਹੈ।
ਡਾ. ਗੋਸਲ ਨੇ ਕਿਹਾ ਕਿ ਇਸ ਸ਼ੋਅ ਨਾਲ ਭਾਈ ਵੀਰ ਸਿੰਘ ਦਾ ਨਾਮ ਜੋੜ ਕੇ ਯੂਨੀਵਰਸਿਟੀ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਪ੍ਰਤੀ ਆਪਣੇ ਸਮਰਪਣ ਨੂੰ ਵੀ ਇਜ਼ਹਾਰ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਨੂੰ ਵਪਾਰਕ ਫੁੱਲਾਂ ਦੀ ਖੇਤੀ ਲਈ ਉਤਸ਼ਾਹਿਤ ਕਰਦਿਆਂ ਵਾਈਸ ਚਾਂਸਲਰ ਨੇ ਇਸ ਦਿਸ਼ਾ ਵਿਚ ਯੂਨੀਵਰਸਿਟੀ ਦੀਆਂ ਤਕਨੀਕਾਂ ਬਾਰੇ ਵੀ ਗੱਲ ਕੀਤੀ।
ਡਾ. ਗੋਸਲ ਨੇ ਕਿਹਾ ਕਿ ਇਸ ਦੌਰਾਨ ਕਰਾਏ ਜਾਂਦੇ ਫੁੱਲਾਂ ਦੇ ਮੁਕਾਬਲੇ ਵੀ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹਨ। ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਅਦਾਰਿਆਂ ਅਤੇ ਨਿੱਜੀ ਵਿਅਕਤੀਆਂ ਨੂੰ ਉਨ੍ਹਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ।
ਫਲੋਰੀਕਲਚਰ ਦੇ ਸਾਬਕਾ ਪ੍ਰੋਫੈਸਰ ਡਾ. ਏ.ਪੀ.ਐਸ. ਗਿੱਲ ,ਸਾਬਕਾ ਮੁਖੀ ਡਾ ਜੇ ਐੱਸ ਅਰੋੜਾ ਅਤੇ ਡਾ ਰਾਮੇਸ ਕੁਮਾਰ ਵਿਸ਼ੇਸ਼ ਮਹਿਮਾਨਾਂ ਵਜੋਂ ਉਦਘਾਟਨੀ ਸਮਾਰੋਹ ਵਿਚ ਮੌਜੂਦ ਸਨ। ਦੋਵਾਂ ਮਾਹਿਰਾਂ ਨੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਇਸ ਕਾਰਜ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਫਲੋਰਿਕਲਚਰ ਅਤੇ ਲੈਂਡ ਸਕੇਪਿੰਗ ਵਿਭਾਗ ਦੇ ਮੁਖੀ ਅਤੇ ਸ਼ੋਅ ਦੇ ਸੰਯੋਜਕ ਡਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਸ਼ੋਅ ਦੌਰਾਨ 2,200 ਤੋਂ ਵੱਧ ਗੁਲਦਸਤਿਆਂ ਵਿੱਚ 150 ਤੋਂ ਵੱਧ ਵੱਖ-ਵੱਖ ਕਿਸਮਾਂ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀਆਂ ਹਨ । ਇਸ ਤੋਂ ਬਿਨਾਂ 250 ਦੇ ਕਰੀਬ ਐਂਟਰੀਆਂ ਮੁਕਾਬਲਿਆਂ ਲਈ ਦਰਜ ਹੋਈਆਂ। 20 ਕਿਸਮਾਂ ਦੇ ਫੁੱਲਾਂ ਨੂੰ ਵਿਕਰੀ ਲਈ ਵੀ ਰੱਖਿਆ ਗਿਆ ਹੈ। 25 ਦੇ ਕਰੀਬ ਸਟਾਲਾਂ ਉੱਪਰ ਫੁੱਲਾਂ ਦੀ ਕਾਸ਼ਤ ਨਾਲ ਸੰਬੰਧਿਤ ਸਾਮਾਨ ਦੀ ਵਿਕਰੀ ਵੀ ਹੋ ਰਹੀ ਹੈ।
ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਪੀ.ਏ.ਯੂ. ਨੇ ਫੁੱਲਾਂ ਵਾਲੀਆਂ ਫਸਲਾਂ ਦੀਆਂ ਬਹੁਤ ਸਾਰੀਆਂ ਹਾਈਬ੍ਰਿਡ ਕਿਸਮਾਂ ਵਿਕਸਿਤ ਕੀਤੀਆਂ ਹਨ। ਵਿਭਾਗ ਇਸ ਫੁੱਲ ਬਾਰੇ ਖੋਜ ਕਰਨ ਲਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਪ੍ਰਮੁੱਖ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦਾ ਮੁੱਖ ਉਦੇਸ਼ ਲੋਕਾਂ ਨੂੰ ਲੈਂਡਸਕੇਪ ਦੀ ਵਰਤੋਂ ਅਤੇ ਵਪਾਰਕ ਖੇਤੀ ਲਈ ਗੁਲਦਾਉਦੀ ਦੇ ਫੁੱਲ ਉਗਾਉਣ ਲਈ ਪ੍ਰੇਰਿਤ ਕਰਨਾ ਹੈ।
ਗੁਲਦਾਉਦੀ ਸ਼ੋਅ ਮੌਕੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਫੁੱਲਾਂ ਦੀਆਂ ਰੰਗੋਲੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਭਿੰਨ-ਭਿੰਨ ਰੰਗਾਂ ਵਿੱਚ ਗੁਲਦਾਉਦੀ ਦੀਆਂ ਕਈ ਕਿਸਮਾਂ ਨੇ ਦਰਸ਼ਕਾਂ ਦੀਆਂ ਅੱਖਾਂ ਨੂੰ ਮੋਹ ਲਿਆ ।