ਯੈੱਸ ਪੰਜਾਬ
ਚੰਡੀਗੜ੍ਹ, ਜੂਨ 24, 2024
ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਐਸ ਓ ਆਈ) ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਨੀਟ ਅੰਡਰ ਗਰੈਜੂਏਟ ਘੁਟਾਲੇ ਦੀ ਜਾਂਚ ਵਾਸਤੇ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਗਠਿਤ ਕਰਨ ਦੀ ਮੰਗ ਕੀਤੀ ਤੇ ਜ਼ੋਰ ਦਿੱਤਾ ਹੈ ਕਿ ਪ੍ਰਭਾਵਤ ਵਿਦਿਆਰਥੀਆਂ ਨੂੰ ਨਿਆਂ ਦੇਣ ਵਾਸਤੇ ਕੇਸ ਦੀ ਰੋਜ਼ਾਨਾ ਆਧਾਰ ’ਤੇ ਸੁਣਵਾਈ ’ਤੇ ਜ਼ੋਰ ਦਿੱਤਾ ਹੈ।
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਲਿਖੇ ਪੱਤਰ ਵਿਚ ਐਸ ਓ ਆਈ ਦੇ ਪ੍ਰਧਾਨ ਰਣਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਨੀਟ ਅੰਡਰ ਗਰੈਜੂਏਟ ਅਤੇ ਨੀਟ ਪੀ ਜੀ, ਯੂ ਜੀ ਸੀ ਨੈਟ ਤੇ ਸੀ ਐਸ ਆਈ ਆਰ ਨੈਟ ਪ੍ਰੀਖਿਆ ਕਰਵਾਉਣ ਵਿਚ ਐਨ ਟੀ ਏ ਨੇ ਵੱਡੀ ਕੁਤਾਹੀ ਕੀਤੀ ਹੈ ਤੇ ਐਨ ਡੀ ਏ ਸਰਕਾਰ ਤੇ ਐਨ ਟੀ ਏ ਦੀ ਅਸਫਲਤਾ ਕਾਰਣ ਇਹ ਪ੍ਰੀਖਿਆਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਲੱਖਾਂ ਵਿਦਿਆਰਥੀਆਂ ਦਾ ਮਾਨਸਿਕ ਤੇ ਆਰਥਿਕ ਸੋਸ਼ਣ ਹੋਇਆ ਹੈ ਤੇ ਉਹਨਾਂ ਦਾ ਸਮਾਂ ਵੀ ਬਰਬਾਦ ਹੋਇਆ ਹੈ।
ਉਹਨਾਂ ਨੇ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਮਾਮਲੇ ਦੀ ਤੇਜ਼ ਰਫਤਾਰ ਜਾਂਚ ਵਾਸਤੇ ਅਤੇ ਮਾਮਲੇ ਦੀ ਤੇਜ਼ ਰਫਤਾਰ ਸੁਣਵਾਈ ਵਾਸਤੇ ਵਿਸ਼ੇਸ਼ ਅਦਾਲਤ ਸਥਾਪਿਤ ਕੀਤੀ ਜਾਵੇ।
ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਇਕ ਸਾਂਝੀ ਸੰਸਦੀ ਕਮੇਟੀ (ਜੇ ਪੀ ਸੀ) ਦਾ ਗਠਨ ਕੀਤਾ ਜਾਵੇ ਤਾਂ ਜੋ ਕੇਸ ਦੇ ਸਾਜ਼ਿਸ਼ਘਾੜਿਆਂ ਦਾ ਪਤਾ ਲਗਾਇਆ ਜਾ ਸਕੇ ਤੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕੇ।
ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਪ੍ਰਭਾਵਤ ਵਿਦਿਆਰਥੀਆਂ ਤੋਂ ਮੁਆਫੀ ਮੰਗੇ ਅਤੇ ਆਪਣੀ ਅਣਗਹਿਲੀ ਤੇ ਅਸਫਲਤਾ ਵੀ ਮੰਨੇ।