ਯੈੱਸ ਪੰਜਾਬ
ਚੰਡੀਗੜ੍ਹ, 24 ਅਕਤੂਬਰ, 2024:
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅੰਦਰ 13 ਨਵੰਬਰ ਨੂੰ ਹੋਣ ਜਾ ਰਹੀਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਨਾ ਲੜਨ ਦਾ ਫ਼ੈਸਲਾ ਲਿਆ ਗਿਆ ਹੈ।
ਪਾਰਟੀ ਦੀ ਵਰਕਿੰਗ ਕਮੇਟੀ ਦੀ ਅੱਜ ਚੰਡੀਗੜ੍ਹ ਵਿਖ਼ੇ ਹੋਈ ਮੀਟਿੰਗ ਵਿੱਚ ਇਸ ਬਾਰੇ ਰਸਮੀ ਤੌਰ ’ਤੇ ਫ਼ੈਸਲਾ ਲੈ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਚਾਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਸ਼ਾਮਿਲ ਹਨ।
ਪਾਰਟੀ ਦੇ ਅੰਦਰ ਇਹ ਚਰਚਾ ਪਹਿਲਾਂ ਹੀ ਚੱਲੀ ਰਹੀ ਸੀ ਕਿ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖ਼ਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਹੋਣ ਕਰਕੇ ਅਤੇ ਫ਼ਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਚੋਣਾਂ ਲਈ ਸੁਖ਼ਬੀਰ ਸਿੰਘ ਬਾਦਲ ਨੂੰ ਕੋਈ ਰਾਹਤ ਨਾ ਦਿੱਤੇ ਜਾਣ ਦੇ ਮੱਦੇਨਜ਼ਰ ਪਾਰਟੀ ਚੋਣ ਮੈਦਾਨ ਵਿੱਚ ਨਾ ਨਿੱਤਰੇ। ਕਈ ਆਗੂਆਂ ਦਾ ਇਹ ਵਿਚਾਰ ਸੀ ਕਿ ਪਾਰਟੀ ਆਪਣੇ ਜਰਨੈਲ ਤੋਂ ਬਿਨਾਂ ਚੋਣ ਮੈਦਾਨ ਵਿੱਚ ਕਿਵੇਂ ਨਿੱਤਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਹੋਏ ਅਤੇ ਪਾਰਟੀ ਅਨੁਸਾਰ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ।
ਉਂਜ ਇਸ ਤੋਂ ਪਹਿਲਾਂ ਅੱਜ ਹੀ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਉਹ ਚਾਰੇ ਜ਼ਿਮਨੀ ਚੋਣਾਂ ਲੜੇ ਜਾਣ ਦੇ ਹੱਕ ਵਿੱਚ ਹਨ।
ਵਰਕਿੰਗ ਕਮੇਟੀ ਦੇ ਫ਼ੈਸਲੇ ਸੰਬੰਧੀ ਬਾਅਦ ਵਿੱਚ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫ਼ੈਸਲਾ ਅਕਾਲ ਤਖ਼ਤ ਦੇ ਉਸ ਆਦੇਸ਼ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਤਹਿਤ ਸੁਖ਼ਬੀਰ ਸਿੰਘ ਬਾਦਲ ਨੂੰ ਚੋਣ ਪ੍ਰਕ੍ਰਿਆ ਵਿੱਚ ਸ਼ਾਮਲ ਨਾ ਹੋਣ ਦੇ ਆਦੇਸ਼ ਕੀਤੇ ਗਏ ਸਨ।
ਉਹਨਾਂ ਕਿਹਾ ਕਿ ਪਾਰਟੀ ਸਮਝਦੀ ਹੈ ਕਿ ਪਾਰਟੀ ਪ੍ਰਧਾਨ ਨੇ ਅਕਾਲ ਤਖ਼ਤ ’ਤੇ ਜੋ ਵੀ ਨੈਤਿਕ ਜ਼ਿੰਮੇਵਾਰੀ ਲਈ ਸੀ, ਉਹ ਉਹਨਾਂ ਦੀ ਇਕੱਲਿਆਂ ਦੀ ਨਹੀਂ ਸੀ, ਸਗੋਂ ਪਾਰਟੀ ਦੇ ਪ੍ਰਧਾਨ ਦੇ ਤੌਰ ’ਤੇ ਸੀ ਅਤੇ ਇਸ ਲਈ ਪਾਰਟੀ ਪ੍ਰਧਾਨ ਤੋਂ ਬਿਨਾਂ ਚੋਣਾਂ ਵਿੱਚ ਨਹੀਂ ਜਾਇਆ ਜਾ ਸਕਦਾ।
ਡਾ: ਚੀਮਾ ਨੇ ਕਿਹਾ ਕਿ ਪਾਰਟੀ ਦੇ ਅਕਾਲ ਤਖ਼ਤ ਪ੍ਰਤੀ ਸਮਰਮਪਣ ਨੂੰ ਵੇਖ਼ਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਦ ਪਾਰਟੀ ਪ੍ਰਧਾਨ ਹੀ ਮੈਦਾਨ ਵਿੱਚ ਨਾ ਜਾ ਸਕਣ ਤਾਂ ਚੋਣਾਂ ਤੋਂ ਲਾਂਭੇ ਰਿਹਾ ਜਾਵੇ।