Friday, July 5, 2024
spot_img
spot_img
spot_img

ਅਮਰੀਕਾ ਵਿਚ ਤਬਾਹ ਹੋਏ ਇਕ ਛੋਟੇ ਜਹਾਜ਼ ਵਿਚ ਸਵਾਰ ਇਕ ਪਰਿਵਾਰ ਦੇ 5 ਜੀਆਂ ਦੀ ਮੌਤ

ਹੁਸਨ ਲੜੋਆ ਬੰਗਾ
ਸੈਕਰਾਮੈਂਟੋ, ਕੈਲੀਫੋਰਨੀਆ, ਜੁਲਾਈ 3, 2024

ਅਮਰੀਕਾ ਦੇ ਨਿਊਯਾਰਕ ਰਾਜ ਦੇ ਉੱਤਰੀ ਹਿੱਸੇ ਵਿਚ ਇਕ ਇੰਜਣ ਵਾਲਾ ਛੋਟਾ ਜਹਾਜ਼ ਤਬਾਹ ਹੋਣ ਤੇ ਉਸ ਵਿਚ ਸਵਾਰ ਜਾਰਜੀਆ ਦੇ ਇਕ ਪਰਿਵਾਰ ਦੇ 5 ਜੀਆਂ ਦੀ ਮੌਤ ਹੋਣ ਦੀ ਖਬਰ ਹੈ।

ਇਹ ਜਾਣਕਾਰੀ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਬਿਆਨ ਅਨੁਸਾਰ ਪਰਿਵਾਰ ਬੇਸਬਾਲ ਟੂਰਨਾਮੈਂਟ ਵੇਖ ਕੇ ਕੂਪਰਸਟਾਊਨ, ਨਿਊਯਾਰਕ ਤੋਂ ਵਾਪਿਸ ਜਾਰਜੀਆ ਆ ਰਿਹਾ ਸੀ ਕਿ ਜਹਾਜ਼ ਅਚਾਨਕ ਹਾਦਸਾਗ੍ਰਸਤ ਹੋ ਕੇ ਜਮੀਨ ਉਪਰ ਡਿੱਗ ਪਿਆ ਤੇ ਉਸ ਵਿਚ ਸਵਾਰ ਸਾਰੇ ਵਿਅਕਤੀ ਮਾਰੇ ਗਏ।

ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਰੋਜਰ ਬੈਗਸ (76), ਲੌਰਾ ਵੈਨ ਏਪਸ (43), ਰੀਆਨ ਵੈਨ ਏਪਸ (42) ਜੇਮਜ ਆਰ ਵੈਨ ਏਪਸ (12) ਤੇ ਵੈਨ ਏਪਸ (10) ਵਜੋਂ ਕੀਤੀ ਹੈ।

ਨਿਊਯਾਰਕ ਸਟੇਟ ਪੁਲਿਸ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਡੈਲਾਵੇਅਰ ਕਾਊਂਟੀ ਵਿਚ ਮੈਸਨਵਿਲੇ ਕਸਬੇ ਵਿਚ ਲੇਕ ਸੀਸਿਲ ਰੋਡ ਦੇ ਆਸ ਪਾਸ ਦੇ ਖੇਤਰ ਵਿਚ ਸੰਭਾਵੀ ਤੌਰ ‘ਤੇ ਇਕ ਜਹਾਜ਼ ਦੇ ਤਬਾਹ ਹੋਣ ਦੀ ਸੂਚਨਾ ਮਿਲਣ ‘ਤੇ ਏਜੰਸੀਆਂ ਵੱਲੋਂ ਡਰੋਨ ਦੀ  ਮੱਦਦ ਨਾਲ ਜਹਾਜ਼ ਦਾ ਮਲਬਾ ਤੇ ਉਸ ਵਿਚ ਸਵਾਰ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਲੱਭ ਲਈਆਂ ਗਈਆਂ ਹਨ।

ਬਿਆਨ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਜਿਸ ਉਪਰੰਤ ਹੀ ਹਾਦਸੇ ਦੇ ਅਸਲ  ਕਾਰਨ ਬਾਰੇ ਪਤਾ ਲੱਗ ਸਕੇਗਾ। ਜਾਰਜੀਆ ਦੇ ਗਵਰਨਰ ਬਰੀਅਨ ਕੈਂਪ ਨੇ ਇਕ ਬਿਆਨ ਵਿਚ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਸੱਕੇ ਸਬੰਧੀਆਂ ਤੇ ਹੋਰ ਸੱਜਣਾਂ ਮਿੱਤਰਾਂ ਨਾਲ ਡੂੰਘੇ ਦੁੱਖ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

- Advertisment -

ਅਹਿਮ ਖ਼ਬਰਾਂ