ਯੈੱਸ ਪੰਜਾਬ
ਚੰਡੀਗੜ੍ਹ, 13 ਜੁਲਾਈ, 2020:
ਪੰਜਾਬ ਵਿਚ ਕੋਰੋਨਾ ਲਗਾਤਾਰ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਸੋਮਵਾਰ ਨੂੰ ਕੋਰੋਨਾ 5 ਲੋਕਾਂ ਨੂੰ ਮੌਤ ਦੀ ਆਗੋਸ਼ ਵਿਚ ਲੈ ਗਿਆ ਜਦਕਿ 423 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਉਣਾ ਵੱਡੀ ਚਿੰਤਾ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।
ਸੋਮਵਾਰ ਨੂੰ ਜਲੰਧਰ ਵਿਚ 3 ਅਤੇ ਅੰਮ੍ਰਿਤਸਰ ਵਿਚ 2 ਮੌਤਾਂ ਹੋਈਆਂ। ਇਸ ਨਾਲ ਰਾਜ ਅੰਦਰ ਮੌਤਾਂ ਦੀ ਗਿਣਤੀ 200 ਦਾ ਅੰਕੜਾ ਪਾਰ ਕਰਦੀ ਹੋਂਈ 204 ਤਕ ਜਾ ਪੁੱਜੀ ਹੈ। ਅੰਮ੍ਰਿਤਸਰ ਵਿਚ ਮੌਤਾਂ ਦੀ ਗਿਣਤੀ 55 ਅਤੇ ਜਲੰਧਰ ਵਿਚ 28 ਹੋ ਗਈ ਹੈ। ਇਕ ਹੋਰ ਹੌਟਸਪੌਟ ਲੁਧਿਆਣਾ ਹੈ ਜਿੱਥੇ ਹੁਣ ਤਕ ਕੋਰੋਨਾ ਕਾਰਨ 31 ਮੌਤਾਂ ਹੋ ਚੁੱਕੀਆਂ ਹਨ।
ਅੱਜ ਲੁਧਿਆਣਾ ਜ਼ਿਲ੍ਹੇ ਵਿਚ ਕੋਰੋਨਾ ਨੇ ਤਕੜਾ ਹੱਲਾ ਬੋਲਿਆ। ਸੋਮਵਾਰ ਨੂੰ 126 ਨਵੇਂ ਕੇਸ ਸਾਹਮਣੇ ਆਏ ਜਿਨ੍ਹਾਂ ਵਿਚ 116 ਮਾਮਲੇ ਤਾਂ ਲੁਧਿਆਣਾ ਨਾਲ ਹੀ ਸੰਬੰਧਤ ਹਨ ਜਦਕਿ 10 ਹੋਰ ਕੇਸ ਦੂਜੇ ਜ਼ਿਲਿ੍ਹਆਂ ਨਾਲ ਸੰਬੰਧਤ ਹਨ। ਅੱਜ ਦੇ ਨਵੇਂ ਕੇਸਾਂ ਨੂੰ ਮਿਲਾਉਣ ਮਗਰੋਂ ਲੁਧਿਆਣਾ ਵਿਚ ਨਵੇਂ ਕੇਸਾਂ ਦੀ ਗਿਣਤੀ 1500 ਦਾ ਅੰਕੜਾ ਪਾਰ ਕਰਕੇ 1502 ਹੋ ਗਈ ਹੈ।
ਸੋਮਵਾਰ ਨੂੰ ਕੋਰੋਨਾ ਨੇ ਪਟਿਆਲਾ ਜ਼ਿਲ੍ਹੇ ਨੂੰ ਬੁਰੀ ਤਰ੍ਹਾਂ ਘੇਰਿਆ। ਇੱਥੇ ਵੀ 88 ਨਵੇਂ ਕੇਸ ਆਏ ਜਿਸ ਨਾਲ ਪਾਜ਼ਿਟਿਵ ਕੇਸਾਂ ਦੀ ਕੁਲ ਗਿਣਤੀ 672 ਹੋ ਗਈ।
ਸੋਮਵਾਰ ਨੂੰ ਕੋਰੋਨਾ ਦਾ ਸ਼ਿਕਾਰ ਹੋਣ ਵਿਚ ਜਲੰਧਰ ਤੀਜੀ ਥਾਂਵੇਂ ਰਿਹਾ। ਇੱਥੇ ਵੀ ਅੱਜ 53 ਨਵੇਂ ਪਾਜ਼ਿਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਕੇਸਾਂ ਨੂੰ ਮਿਲਾ ਕੇ ਜਲੰਧਰ ਵਿਚ ਪਾਜ਼ਿਟਿਵ ਕੇਸਾਂ ਦੀ ਗਿਣਤੀ ਹੁਣ 1276 ਹੋ ਗਈ।
ਇਸ ਵੇਲੇ ਕੋਰੋਨਾ ਮੌਤਾਂ ਦੀ ਗਿਣਤੀ ਅਨੁਸਾਰ ਅੰਮਿ੍ਤਸਰ 55 ਮੌਤਾਂ ਨਾਲ ਮੋਹਰੀ ਜ਼ਿਲ੍ਹਾ ਹੈ, 31 ਮੌਤਾਂ ਨਾਲ ਲੁਧਿਆਣਾ ਦੂਜੇ ਅਤੇ 28 ਮੌਤਾਂ ਨਾਲ ਜਲੰਧਰ ਤੀਜੇ ਸਥਾਨ ’ਤੇ ਹੈ।
ਪਾਜ਼ਿਟਿਵ ਕੇਸਾਂ ਦੇ ਹਿਸਾਬ ਨਾਲ ਲੁਧਿਆਣਾ 1502 ਕੇਸਾਂ ਨਾਲ ਮੋਹਰੀ ਜ਼ਿਲ੍ਹਾ ਹੈ। ਜਲੰਧਰ 1276 ਕੇਸਾਂ ਨਾਲ ਦੂਜੇ ਨੰਬਰ ’ਤੇ ਅਤੇ ਅੰਮ੍ਰਿਤਸਰ 1087 ਕੇਸਾਂ ਨਾਲ ਤੀਜੇ ਸਥਾਨ ’ਤੇ ਹੈ।
ਅੱਜ ਸਿਹਤ ਵਿਭਾਗ ਵੱਲੋਂ ਜਾਰੀ ਮੁਕੰਮਲ ਮੈਡੀਕਲ ਬੁਲੇਟਿਨ ਵੇਖ਼ਣ ਲਈ ਇੱਥੇ ਕਲਿੱਕ ਕਰੋ:
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/